ਬਠਿੰਡਾ (ਸਮਾਜਵੀਕਲੀ) : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅਧਿਆਪਕਾਂ ਪ੍ਰਤੀ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਤੋਂ ਖ਼ਫ਼ਾ ਹੋਏ ਅਧਿਆਪਕਾਂ ਨੇ ਅੱਜ ਇਥੇ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਵਿਚ ਮੰਤਰੀ ਦਾ ਪੁਤਲਾ ਸਾੜ ਕੇ ਆਪਣਾ ਗੁੱਸਾ ਕੱਢਿਆ। ਉਨ੍ਹਾਂ ਮੰਗ ਕੀਤੀ ਕਿ ਮੰਤਰੀ ਬਗ਼ੈਰ ਸ਼ਰਤ ਮੁਆਫ਼ੀ ਮੰਗੇ।
ਡੀ.ਟੀ.ਐੱਫ. ਦੇ ਆਗੂਆਂ ਜਸਵਿੰਦਰ ਸਿੰਘ, ਨਵਚਰਨਪ੍ਰੀਤ, ਬਲਜਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਮੰਤਰੀ ਵੱਲੋਂ ਅਧਿਆਪਕਾਂ ਪ੍ਰਤੀ ‘ਘਰ ਬੈਠਿਆਂ ਤਨਖ਼ਾਹ ਲੈਣ’ ਵਰਗਾ ਬੇਤੁਕਾ ਬਿਆਨ ਦਾਗਣਾ ਅਤੇ ਨਜਾਇਜ਼ ਮਾਈਨਿੰਗ ਰੋਕਣ ਲਈ ਸਰਕਾਰ ਵੱਲੋਂ ਅਧਿਆਪਕਾਂ ਦੀ ਡਿਊਟੀ ਲਾਏ ਜਾਣ ਨੂੰ ਠੀਕ ਠਹਿਰਾਉਣਾ ਬਰਦਾਸ਼ਤ ਕਰਨ ਯੋਗ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਮੰਤਰੀ ਨੂੰ ਆਪਣੇ ਕੀਤੇ ਲਈ ਮੁਆਫ਼ੀ ਮੰਗਣ ਲਈ ਕਹਿਣ।