ਬਠਿੰਡਾ ਏਮਸ ਦੇਵੇਗਾ ਸਸਤਾ ਇਲਾਜ

ਬਠਿੰਡਾ (ਸਮਾਜਵੀਕਲੀ) :  ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ), ਬਠਿੰਡਾ ਦੇ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਸਿੰਘ ਨੇ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪਲੇਠੀ ਕਾਨਫ਼ਰੰਸ ਕਰਦਿਆਂ ਕਿਹਾ ਕਿ ਏਮਸ ਬਠਿੰਡਾ 100 ਕਿੱਲੋਮੀਟਰ ਦੇ ਘੇਰੇ ’ਚ ਆਉਂਦੇ ਇਲਾਕੇ ਦੇ ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਕਰੇਗਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਬਠਿੰਡਾ ਏਮਸ ਸ਼ੁਰੂ ਕਰਨ ਲਈ ਭਾਰਤ ਸਰਕਾਰ ਗੰਭੀਰ ਹੈ ਅਤੇ ਜਲਦੀ ਹੀ ਹਸਪਤਾਲ ਅੰਦਰ ਕੋਵਿਡ ਸੈਂਟਰ ਖੋਲ੍ਹਿਆ ਜਾਵੇਗਾ ਜਿਸ ਲਈ ਬਕਾਇਦਾ ਟਰਾਂਸਪੋਰਟ ਵੈਂਟੀਲੇਟਰ ਜਲਦੀ ਮਿਲ ਜਾਵੇਗਾ ਅਤੇ ਟੈਸਟਿੰਗ ਵੀ ਜਲਦੀ ਹੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਮੀਡੀਆ ਨੂੰ ਕਿਹਾ ਕਿ ਉਹ ਦੇਸ਼ ਦੇ ਵੱਡੇ ਹਸਪਤਾਲ ਦੇ ਪ੍ਰਚਾਰ ਲਈ ਹਿੱਸਾ ਬਣਨ।

ਸਥਾਨਕ ਓਪੀਡੀ ਬਲਾਕ ’ਚ ਗੱਲਬਾਤ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਏਮਸ ਵੱਲੋਂ ਮੈਡੀਕਲ ਸਿੱਖਿਆ ਦਾ ਅਗਲਾ ਸੈਸ਼ਨ ਬਠਿੰਡਾ ਕੈਂਪਸ ਵਿੱਚ ਹੀ ਸ਼ੁਰੂ ਕੀਤਾ ਜਾਵੇਗਾ ਅਤੇ ਪਿਛਲੇ ਸਾਲ ਫ਼ਰੀਦਕੋਟ ਮੈਡੀਕਲ ਕਾਲਜ ’ਚ ਚੱਲ ਰਹੇ 50 ਵਿਦਿਆਰਥੀਆਂ ਦੇ ਬੈਚ ਤੋਂ ਇਲਾਵਾ 100 ਵਿਦਿਆਰਥੀਆਂ ਦੇ ਨਵੇਂ ਬੈਚ ਨੂੰ ਬਠਿੰਡਾ ਦੇ ਏਮਸ ਕੈਂਪਸ ਅੰਦਰ ਹੀ ਪੜ੍ਹਾਈ ਕਰਵਾਈ ਜਾਵੇਗੀ। ਵਿਦਿਆਰਥੀਆਂ ਲਈ ਹੋਸਟਲਾਂ ਦਾ ਪ੍ਰਬੰਧ ਜਲਦੀ ਹੀ ਨੇਪਰੇ ਚਾੜ੍ਹ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਟੈਸਟਾਂ ਲਈ ਲੋੜੀਂਦੀਆਂ ਮਸ਼ੀਨਾਂ ਇੱਥੇ ਭੇਜ ਦਿੱਤੀਆਂ ਜਾਣਗੀਆਂ, ਜਿਸ ਮਗਰੋਂ ਬਠਿੰਡਾ ਤੇ ਨੇੜਲੇ ਇਲਾਕਿਆਂ ਵਿੱਚ ਕੋਰੋਨਾ ਮਹਾਂਮਾਰੀ ਦੇ ਟੈਸਟਾਂ ਦੇ ਜਲਦੀ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਕਰੋਨਾ ਦੇ ਦੌਰ ਵਿੱਚ ਉਨ੍ਹਾਂ ਦਾ ਟੀਚਾ ਜਲਦੀ ਹੀ ਹਸਪਤਾਲ ਵਿੱਚ 15-20 ਬੈੱਡ ਦਾ ਇਨਡੋਰ ਹਸਪਤਾਲ ਚਲਾਉਣ ਦਾ ਹੈ ਜਿਸ ਅੰਦਰ ਮਾਹਿਰ ਡਾਕਟਰ ਦੀ ਟੀਮ ਕੰਮ ਕਰੇਗੀ।

ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਲਦ ਹੀ ਟਰੌਮਾ ਸੈਂਟਰ ਚਲਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਏਮਸ ਵਿਚ ਸੀਟੀ ਸਕੈਨ ਤੇ ਐੱਮਆਰਆਈ ਦੀ ਮਸ਼ੀਨ ਆ ਚੁੱਕੀ ਹੈ ਤੇ ਟੈਕਨੀਸ਼ੀਅਨਾਂ ਨੂੰ ਟਰੇਨਿੰਗ ਤੋਂ ਬਾਅਦ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਆਯੂਸ਼ਮਾਨ ਭਾਰਤ ਯੋਜਨਾ ਨੂੰ ਵੀ ਏਮਸ ਵਿੱਚ ਜਲਦੀ ਹੀ ਲਾਗੂ ਕਰਨ ਦਾ ਭਰੋਸਾ ਦਿੱਤਾ।

Previous article267 ਪਾਵਨ ਸਰੂਪਾਂ ਦੇ ਮਾਮਲੇ ਦੀ ਉੱਚ-ਪੱਧਰੀ ਜਾਂਚ ਮੰਗੀ
Next articleਚੰਡੀਗੜ੍ਹ: ਪੀਜੀਆਈ ਦੇ ਕੋਵਿਡ ਹਸਪਤਾਲ ਦੀ ਨਰਸ ਸਮੇਤ 21 ਕਰੋਨਾ ਪਾਜ਼ੇਟਿਵ