ਬਟਿੱਤਰ : ਏਂਜਲ ਪ੍ਰਿਆ ਤੇ ਪਾਪਾ ਕੀ ਪਰੀ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

‘ਪੰਜਾਬ ਦੀਆਂ ਸਰਕਾਰੀ ਰੋਡਵੇਜ ਦੀਆਂ ਬੱਸਾਂ ਵਿੱਚ ਜਨਾਨੀਆਂ ਦਾ ਕਿਰਾਇਆ ਮੁਆਫ਼।’ ਪੰਜਾਬ ਸਰਕਾਰ ਦਾ ਇਹ ਫ਼ੈਸਲਾ ‘ਵਹੀ ਢਾਕ ਕੇ ਤੀਨ ਪਾਤ’ ਨਹੀਂ ‘ਫੱਟੇ ‘ਤੇ ਗੱਡੇ ਕਿੱਲ’ ਅਰਗਾ ਸਾਬਤ ਹੋਇਆ ਤਾਂ ਬੀਬੀਆਂ ਨੇ ਇਸ ਫ਼ੈਸਲੇ ਦਾ ਮਾਣ ਰੱਖਦਿਆਂ, ਸਰਕਾਰੀ ਰੋਡਵੇਜ ਦੀਆਂ ਬੱਸਾਂ ਦੀ ਬਾਰੀ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਪੰਜਾਬ ਸਰਕਾਰ ਨੇ ਬੀਬੀਆਂ ਦੀ ‘ਪੌਂਅ ਬਾਰਾਂ’ ਕਰ ਕੇ ਸਾਡੇ ਅਰਗੇ ਮਾਤ੍ਹੜਾਂ ਦੇ ਤਾਂ ‘ਤਿੰਨ ਕਾਣੇ’ ਕਰਤੇ ਪਰ ਚਲੋ ‘ਕਦੇ ਆਰ ਦੀਆਂ ਕਦੇ ਪਾਰ ਦੀਆਂ’।

ਬਲਕਿ ਮਾਤ੍ਹੜਾਂ ਨੂੰ ਵੀ ਗੁੱਝੇ ਚਾਵਾਂ ਨੇ ਹੁਲਾਰਾ ਦੇਤਾ ਕਿਉਂਕਿ ‘ਕਦੇ ਤਾਂ ਪੇਕੇ ਜਾਹ ਨ੍ਹੀ ਬੇਗਮ, ਆਵੇ ਸੁਖ ਦਾ ਸਾਹ ਨ੍ਹੀ ਬੇਗਮ’ ਆਖ–ਆਖ ਕੇ ਅੱਕ–ਥੱਕ ਗਏ ਸਾਂ, ਹੁਣ ਸ਼ੈਦ ‘ਫ੍ਰੀ ਸਵਾਰੀ’ ਦੇ ਲਾਲਚ ਵਿੱਚ ਸਾਡੀ ਆਲ਼ੀ ਬੇਗਮ ਸਾਨੂੰ ਵੀ ਭੋਰਾ ਸੁਖ ਦਾ ਸਾਹ ਦਵਾਦੇ, ‘ਕਰਾਇਆ ਫ੍ਰੀ’ ਦੇ ਲਾਲਚ ‘ਚ ਈ ਪੇਕੇ ਗੇੜਾ ਮਾਰ ਆਵੇ।

ਖ਼ੈਰ, ਪੱਕਾ ਖੰਗਰ ਇੱਟ ਅਰਗਾ ਪੰਜਾਬ ਸਰਕਾਰ ਦਾ ਬਿਆਨ ਲਾਗੂ ਹੁੰਦਿਆਂ ਹੀ ਸਰਕਾਰੀ ਰੋਡਵੇਜ ਦੀਆਂ ਬੱਸਾਂ ਵਿੱਚ ਬੀਬੀਆਂ ਦੀ ਗਿਣਤੀ ਵਿੱਚ ਉਤਸ਼ਾਹਜਨਕ ਵਾਧਾ ਹੋਇਆ। ਇੱਕ ਬੱਸ ਵਿੱਚ ਦੇਖਿਆ ਕਿ ਸਾਰੀਆਂ ਸੀਟਾਂ ਉੱਤੇ ਬੀਬੀਆਂ ਈ ਬੀਬੀਆਂ ਆ ਕੇ ਸਜ ਗਈਆਂ ਤਾਂ ਬਚਾਰੇ ਬੀਬੇ ‘ਬੀਬੇ–ਰਾਣੇ’ ਜੇ ਬਣ ਕੇ ਸਰਕਾਰੀ ਰੋਡਵੇਜ ਦੀ ਬੱਸ ਚੜ੍ਹਨੋਂ ਈ ਜਵਾਬ ਦੇ ਗਏ ਅਖੇ “ਜੇ ਪੂਰਾ ਕਰਾਇਆ ਦੇ ਕੇ ਈ ਜਾਣੈ ਤਾਂ ਜਰੂਰੀ ਸਰਕਾਰੀ ਰੋਡਵੇਜ ਵਿੱਚ ਧੱਕੇ ਖਾਣੇ ਆ; ਬਾਦਸ਼ਾਹਾਂ ਆਂਗੂੰ ਪ੍ਰਾਈਵੇਟ ਬੱਸ ਵਿੱਚ ਚੌੜੇ ਹੋ ਕੇ ਜਾਵਾਂਗੇ।”। ਤੇ ‘ਬੀਬਿਆਂ’ ਦੀ ਗੱਲ ਵੀ ਸੋਲ੍ਹਾਂ ਆਨੇ ਖਰੀ ਐ ਕਿਉਂਕਿ ਹੁਣ ਤਾਂ ਪ੍ਰਾਈਵੇਟ ਬੱਸਾਂ ਆਲ਼ੇ ਵੀ ‘ਬੀਬਿਆਂ’ ਬੰਦਿਆਂ ਨੂੰ ਪੂਰਾ ਮਾਣ–ਤਾਣ ਦੇ ਰਹੇ ਨੇ ਕਿਉਂਕਿ ਬੀਬੀਆਂ ਤਾਂ ਹੁਣ ਪ੍ਰਾਈਵੇਟ ਬੱਸਾਂ ਨੂੰ ਟਾਟਾ, ਬਾਏ ਬਾਏ ਈ ਕਰਗੀਆਂ ਤੇ ਫ੍ਰੀ ਝੂਟੇ–ਮਾਟਿਆਂ ਦੇ ਲਾਲਚ ਵਿੱਚ ਜਾ ਕੇ ਸਰਕਾਰੀ ਰੋਡਵੇਜ ਦੀ ਬੱਸ ‘ਚ ਚੜ੍ਹਗੀਆਂ।

ਕੰਡਕਟਰ ਨੇ ਸੀਟੀ ਮਾਰੀ ਤਾਂ ਡਰਾਈਵਰ ਨੇ 52 ਦੀਆਂ 52 ਸੀਟਾਂ ਉੱਤੇ ਬੈਠੀਆਂ ਬੀਬੀਆਂ ਵਾਲ਼ੀ ਬੱਸ ਪਤਾ ਨਹੀਂ ਕਿਹੜੇ ਹੌਸਲੇ ਨਾਲ਼ ਤੋਰ ਲਈ। ਕੰਡਕਟਰ, ਡਰਾਈਵਰ ਦੇ ਨੇੜੇ ਹੀ ਬੋਨਟ ਉੱਤੇ ਦਿਲ ਜਾ ਢਾਹੀ ਬੈਠਾ ਸੀ। ਉਹ ਢਹੇ ਹੌਸਲੇ ਨਾਲ਼ ਸੋਚ ਰਿਹਾ ਸੀ ਕਿ ਉੱਠ ਕੇ ਬੱਸ ਵਿੱਚ ਕਿਹੜੇ ਮੂੰਹ ਨਾਲ਼ ਹੋਕਰਾ ਦੇਵੇ, “ਹਾਂ ਭਾਈ ਟਿਕਟ ਬੋਲੋ।” ਕਿਉਂਕਿ ਉਨ੍ਹਾਂ ਪਤਾ ਹੈ ਕਿ ‘52 ਦੀਆਂ 52 ਸੀਟਾਂ ਉੱਤੇ ਬੈਠੀਆਂ ਬੀਬੀਆਂ ਕਰ ਕੇ ਟਿਕਟ ਦੀ ਤਾਂ ਰੜ੍ਹੇ ਭੰਬੀਰੀ ਬੋਲੂ।

ਕੰਡਕਟਰ ਨੇ ਬੱਸ ਵਿੱਚ ਭਰਵੀਂ ਤੇ ਗੱਡਵੀਂ ਜਿਹੀ ਨਿਗ੍ਹਾ ਮਾਰੀ ਤਾਂ ਉਹਨੂੰ ਪਿਛਲੀ ਸੀਟ ਉੱਤੇ ਦੋ ‘ਛਮਕ ਜਿਹੀਆਂ ਮਰਦਾਨਾ ਸਵਾਰੀਆਂ’ ਬੈਠੀਆਂ ਦਿਖੀਆਂ ਤਾਂ ਉਸ ਦੀਆਂ ਬਰਾਛਾਂ ਖਿੜ ਗਈਆਂ। ਉਸ ਮਨੋ ਮਨੀਂ ਸੋਚਿਆ ਬਈ, ‘ਰੱਬ ਦੇ ਘਰ ਦੇਰ ਐ, ਹਨੇਰ ਨ੍ਹੀਂ।’
ਸੋ ਕੰਡਕਟਰ ਬਿਲਕੁਲ ਪਿਛਲੀ ਸੀਟ ਉੱਤੇ ਬੈਠੀਆਂ ਦੋ ‘ਛਮਕ ਜਿਹੀਆਂ ਮਰਦਾਨਾ ਸਵਾਰੀਆਂ’ ਦੀ ਟਿਕਟ ਕੱਟਣ ਲਈ ਭਰਵੇਂ ਹੌਸਲੇ ਨਾਲ਼ ਖੜੋ ਗਿਆ।

ਡਰਾਈਵਰ ਨੇ ਬੋਨਟ ਤੋਂ ਖੜ੍ਹੇ ਹੁੰਦੇ ਕੰਡਕਟਰ ਨੂੰ ਦੇਖ ਕੇ ਹੈਰਾਨੀ ਪ੍ਰਗਟਾਈ ਤੇ ਇਸ਼ਾਰੇ ਨਾਲ਼ ਪੁੱਛਿਆ, “ਕਿੱਧਰ ?”

“ਬੈਠੇ ਆ ਦੋ ਛਲਾਰੂ, ਆਉਨਾ ਮੁੰਨ ਕੇ…।” ਇੰਨਾ ਆਖ ਕੰਡਕਟਰ ਅੱਗੇ ਵਧਿਆ ਤਾਂ ਹੌਸਲੇ ਨਾਲ਼ ਹੋਕਰਾ ਦਿੱਤਾ, “ਹਾਂ ਟਿਕਟ ਬੋਲੋ ਭਾਈ।”

“ਇੱਕ ਟਿਕਟ” ਇੱਕ ਦਿਮਾਗੋ ਬੀਬੀ ਨੇ ਪੈਸੇ ਕੰਡਕਟਰ ਵੱਲ੍ਹ ਵਧਾਉਂਦਿਆਂ ਕਿਹਾ।

ਦਿਮਾਗੋ ਬੀਬੀ ਨੂੰ ਪੈਸੇ ਦੇ ਕੇ ਟਿਕਟ ਕਟਾਉਂਦਿਆਂ ਵੇਖ, ਸਾਰੀਆਂ ਬੀਬੀਆਂ ਦਾ ਮੂੰਹ ਟੱਡਿਆ ਗਿਆ, ਹਫੜਾ–ਦਫੜੀ ਜਿਹੀ ਮੱਚ ਗਈ। ਸਮਝ ਨਹੀਂ ਸੀ ਆ ਰਿਹਾ ਕਿ ‘ਹਜੇ ਵੀ ਬੀਬੀਆਂ ਦੀ ਟਿਕਟ ਕੱਟੀ ਜਾਂਦੀ ਐ ? ਜਾਂ ਇਹਨੂੰ ਬੀਬੀ ਨੂੰ ਹਜੇ ਇਸ ਐਲਾਨ ਦਾ ਪਤਾ ਈ ਨ੍ਹੀਂ ਲੱਗਿਆ ? ਜਾਂ ਇਹ ਬੀਬੀ ਕੋਈ ਸਪੈਸ਼ਲ ਐ ਜਿਹਨੂੰ ਟਿਕਟ ਕਟਾਉਣੀ ਪਊ ? ਜਾਂ ਕੁਆਰੀ, ਵਿਆਹੀ, ਬੁੱਢੀ, ਵਿਧਵਾ ਆਦਿ ਲਈ ਅੱਡ ਅੱਡ ਕਾਨੂੰਨ ਬਣਾਇਆ ?’ ਮਿੰਟਾਂ–ਸਕਿੰਟਾਂ ਵਿੱਚ ਸਾਰਿਆਂ ਦੀ ਖਰੋਪੜੀ ਵਿੱਚ ‘ਹਾਏ ਤੋਬਾ, ਹਾਏ ਤੋਬਾ’ ਮੱਚ ਗਈ।

ਟਿਕਟ ਕਟਾਉਣ ਲਈ ਪੈਸੇ ਦੇ ਰਹੀ ਦਿਗਾਗੋ ਬੀਬੀ ਨੂੰ ਨਾਲ਼ ਬੈਠੀ ਇੱਕ ਬੀਬੀ ਨੇ ਮੋਢਾ ਹਲੂਣ ਕੇ ਕਿਹਾ, “ਭੈਣ ਜੀ, ਹੁਣ ਜਨਾਨੀਆਂ ਦਾ ਕਰਾਇਆ ਨ੍ਹੀਂ ਲਗਦਾ… ਤੁਸੀਂ ਸ਼ੈਦ ਪਹਿਲੀ ਆਰੀਂ ਆਏ ਓਂ ਤਾਂ ਨ੍ਹੀਂ ਪਤਾ ਹੋਣਾ ਥੋਨੂੰ…!!”

“ਨਹੀਂ ਭੈਣ ਜੀ, ਮੈਨੂੰ ਪਤੈ ਬਈ ਪੰਜਾਬ ਸਰਕਾਰ ਨੇ ਸਾਰੀਆਂ ਜਨਾਨੀਆਂ ਨੂੰ ਰੋਡਵੇਜ ਦੀਆਂ ਸਰਕਾਰੀ ਬੱਸਾਂ ਵਿੱਚ ਕਰਾਇਆ ਮਾਫ ਕਰਤਾ ਹੈ ਪਰ ਮੈਂ ਟਿਕਟ ਜ਼ਰੂਰ ਕਟਾਉਣੀ ਐ…।”

“ਬਾਹਲ਼ੇ ਪੈਸੇ ਹੋਣਗੇ ਭਾਈ ਤੇਰੇ ਕੋਲ਼, ਕਟਾਲਾ…. ਅਸੀਂ ਤਾਂ ਨ੍ਹੀਂ ਕਟਾਂਦੀਆਂ…।” ਪਿੱਛੋਂ ਹੈਪੀ ਦੀ ਮੰਮੀ ਬੋਲ ਪਈ।

“ਸਾਡੇ ਕਿਹੜਾ ਜੀ ਦਰਖਤਾਂ ਨੂੰ ਲਗਦੇ ਆ ਪੈਸੇ…. ਥੋਡੇ ਜਿੰਨੇ ਕੁ ਈ ਮੇਰੇ ਕੋਲ਼ ਹੋਣਗੇ ਪਰ ਮੈਂ ਇਹ ਸਰਕਾਰੀ ਰਿਆਇਤ ਦਾ ਫ਼ਾਇਦਾ ਨਹੀਂ ਲੈਣਾ ਕਿਉਂਕਿ ਮੈਨੂੰ ਪਤਾ ਹੈ ਸਰਕਾਰ ਨੇ ਆਪਣਾ ਜਨਾਨੀਆਂ ਦਾ ਕਿਰਾਇਆ ਕਿਹੜਾ ਜੇਬ ‘ਚੋਂ ਦੇਣੈ !! ਇਹੀ ਕਰਾਇਆ ਉਨ੍ਹਾਂ ਕਿਸੇ ਹੋਰ ਪਾਸਿਓਂ ਸਾਡੇ ਕੋਲ਼ੋ ਈ ਵਸੂਲ ਕਰ ਲੈਣੈ…” ਦਿਮਾਗੋ ਬੀਬੀ ਨੇ ਸਿਆਣੀ ਗੱਲ ਕੀਤੀ।

ਇੱਕ ਸਿਆਣੀ ਬੀਬੀ ਬੋਲੀ, “ਭੈਣੇ ਕਹਿੰਦੇ ਜੇ ਸਰਕਾਰੀ ਤੇਲ ਵੰਡੀਦਾ ਹੋਵੇ ਤਾਂ ਘਰੋਂ ਭਾਂਡਾ ਲੈਣ ਨਾ ਜਾਈਏ, ਜੁੱਤੀ ‘ਚ ਈ ਪਵਾ ਲਈਏ। ਜੁੱਤੀ ‘ਚ ਪਵਾਇਆ ਤੇਲ ਹੋਰ ਕਿਸੇ ਕੰਮ ਭਾਮੇ ਨਾ ਆਵੇ ਪਰ ਜੁੱਤੀ ਨੂੰ ਤਾਂ ਰੈਲ਼ੀ ਕਰੂਗਾ ਈ…! ਸੋ ਜੇ ਸਰਕਾਰੀ ਰਿਐਤ ਮਿਲਦੀ ਹੋਵੇ ਤਾਂ ਲੈ ਲੈਣੀ ਚਾਹੀਦੀ ਐ।”

“ਸਿਆਣੀ ਬੀਬੀਏ, ਹੱਕ ਲੈਣ ਤੇ ਭੀਖ ਲੈਣ ‘ਚ ਫਰਕ ਹੁੰਦੈ। ਨਾਲ਼ੇ ਸਿਆਣੇ ਆਂਹਦੇ ਨੇ ਬਈ ਜੇ ਟੱਟੂ ਭਾੜੇ ਦਾ ਈ ਕਰਨੈ ਤਾਂ ਫੇਰ ਕੁੜਮਾਂ ਦਾ ਹਸਾਨ ਕਾਹਤੋਂ ਲੈਣੈ। ਸਾਡੇ ਲੋਕਾਂ ਨੂੰ ਤਾਂ ਆਹ ਹੱਥ ਅੱਡ ਕੇ ਮੰਗਣ ਆਲ਼ੀ ਬਹਿਬਤ ਨੇ ਦੱਬ ਲਿਐ। ਸਿਆਣੇ ਕਹਿੰਦੇ ਨੇ ਬਈ ਸਰਕਾਰ ਦਾ ਕੰਮ ਲੋਕਾਂ ਨੂੰ ਮੱਛੀਆਂ ਫੜ ਫੜ ਖੁਆਉਣਾ ਨਹੀਂ, ਬਲਕਿ ਲੋਕਾਂ ਨੂੰ ਮੱਛੀਆਂ ਫੜਨੀਆਂ ਸਿਖਾਉਣੀਆਂ ਚਾਹੀਦੀਆਂ ਨੇ ਤਾਂ ਕਿ ਜਦ ਲੋਕਾਂ ਨੂੰ ਅਗਲੀ ਆਰੀਂ ਭੁੱਖ ਲੱਗੇ ਤਾਂ ਉਹ ਆਪਣੇ ਹੱਥੀਂ ਮੱਛੀਆਂ ਆਪ ਫੜ ਕੇ ਆਪਣੀ ਭੁੱਖ ਮਿਟਾਉਣ, ਨਾ ਕਿ ਹਰੇਕ ਆਰੀਂ ਸਰਕਾਰ ਦੇ ਹੱਥਾਂ ਕੰਨ੍ਹੀਂ ਝਾਕਣ…।” ਦਿਮਾਗੋ ਬੀਬੀ ਨੇ ਆਪਣੀ ਗੱਲ ਮੁਕਾਈ।

ਚੌਥੀ ਕੁ ਸੀਟ ‘ਤੇ ਬੈਠੀ ਇੱਕ ਬੀਬੀ ਨੂੰ ਇਹ ਗੱਲ ਚੁਭੀ ਤਾਂ ਉਹ ਬੋਲੀ, “ਤੂੰ ਬੀਬੀ ਕਾਮਰੇਟਾਂ ਦੇ ਲਾਣੇ ‘ਚੋਂ ਹੋਏਂਗੀ ਤਾਂ ਹੀ ਅਹੀ ਜਈਆਂ ਗੱਲਾਂ ਔੜਦੀਆਂ। ਕੋਈ ਫੈਦਾ ਨ੍ਹੀਂ ਇੰਨਾ ਫੁਕਰੀਆਂ ਦਾ। ਰੂਸ ਦਾ ਤਾਂ ਆਪਣਾ ਕੀਮਾ ਬਣਿਆ ਪਿਐ, ਉਹ ਸਾਨੂੰ ਕਿੱਥੋਂ ਖਵਾਦੂ ਮੱਛੀਆਂ। ਸੋ ਅੜੀ ਛੱਡ, ਗਲਤ ਰਵੈਤ ਨਾ ਤੋਰ, ਪੈਸੇ ਬਾਪਸ ਗੀਜੇ ਵਿੱਚ ਪਾ ਤੇ ਨਾਹਰਾ ਲਾ, ਪੰਜਾਬ ਸਰਕਾਰ…. ਜਿੰਦਾਬਾਦ।”

ਸਾਰੀਆਂ ਬੀਬੀਆਂ ਨੇ ਨਾਲ਼ ਏ ਚੱਕਤਾ, “ਜਿੰਦਾਬਾਦ, ਜਿੰਦਾਬਾਦ”

ਡਰਾਈਵਰ ਸੀਟ ਦੇ ਨਾਲ਼ ਬੈਠੀਆਂ ਬੀਬੀਆਂ ਨੇ ਕਿਹਾ, “ਮੁਰਦਾਬਾਦ ਮੁਰਦਾਬਾਦ।”

“ਕੀ ਹੋ ਗਿਆ, ਕੀ ਹੋ ਗਿਆ।”

ਮੂਹਰੇ ਬੈਠੀ ਮੁਰਦਾਬਾਦ ਕਹਿਣ ਵਾਲ਼ੀ ਬੀਬੀ ਉੱਠ ਖਲੋਤੀ, “ਨੀ ਭੈਣੋ, ਆਹ ਡਰੈਵਰ ਤਾਂ ਰਾਹ ਵਿੱਚ ਬੱਸ ਖਲਾਰਦਾ ਈ ਨ੍ਹੀ। ਰਾਸਤੇ ਵਿੱਚ ਦੋ ਥਾਈਂ ਬੀਬੀਆਂ ਖੜ੍ਹੀਆਂ ਸੀ, ਬੱਸ ਚੜ੍ਹਨ ਨੂੰ ਪਰ ਇਹ ਚੰਦਰੇ ਨੇ ਬੱਸ ਰੋਕਣ ਦੀ ਬਜਾਇ ਹੋਰ ਰੇਸਾਂ ਚੱਕਤੀਆਂ।”

ਪਲਾਂ ਵਿੱਚ ਬੱਸ ਵਿੱਚ ਸਰਕਾਰ ਦੀ, ਰੋਡਵੇਜ ਦੀ, ਡਰੈਵਰ, ਕੰਡਕਟਰ ਦੀ “ਮੁਰਦਾਬਾਦ, ਮੁਰਦਾਬਾਦ” ਹੋਣ ਲੱਗਪੀ।

“ਓ ਭਾਈ, ਬੱਸ ਦੀਆਂ ਸਾਰੀਆਂ ਸੀਟਾਂ ਤਾਂ ਫੁੱਲ ਨੇ। ਜਿਹੜੀਆਂ ਨਵੀਆਂ ਬੀਬੀਆਂ ਚੜ੍ਹਨਗੀਆਂ, ਮੁੜ ਕੇ ਸੀਟਾਂ ਭਾਲਣਗੀਆਂ। ਦੱਸੋ ਥੋਡੇ ‘ਚੋਂ ਕਿਹੜੀ ਬੀਬੀ ਸੀਟ ਛੱਡੂ, ਮੈਂ ਤਾਂ ਚੜ੍ਹਾ ਲੈਨਾਂ ਹੋਰ ਬੀਬੀਆਂ।” ਡਰੈਵਰ ਨੇ ਰੇਸ ਘਟਾਉਂਦਿਆਂ ਕਿਹਾ।

ਬੀਬੀਆਂ ਦਾ ਇਨਕਲਾਬ ਥਾਏਂ ਫੁੱਸ ਹੋ ਗਿਆ। ਹੈਪੀ ਦੀ ਮੰਮੀ ਨੇ ਉੱਚੇ ਹੋਕਰੇ ਨਾਲ਼ ਕਿਹਾ, “ਨਹੀਂ ਨਹੀਂ, ਬਾਈ ਤੂੰ ਦੱਬੀ ਰੱਖ ਕੰਮ, ਉਹ ਕਿਸੇ ਪਿਛਲੀ ਬੱਸ ‘ਤੇ ਆ ਜਾਣਗੀਆਂ, ਬਥੇਰੀਆਂ ਸਰਕਾਰੀ ਬੱਸਾਂ ਚਲਦੀਆਂ।”

ਇੰਨੀ ਦੇਰ ਵਿੱਚ ਕੰਡਕਟਰ ਨੇ ਦਿਮਾਗੋ ਬੀਬੀ ਤੋਂ ਪੈਸੇ ਲੈ ਕੇ ਟਿਕਟ ਕੱਟ ਦਿੱਤੀ ਸੀ ਤੇ ਨਾਲ਼ ਹੀ ਹੋਰ ਬੀਬੀਆਂ ਦੀਆਂ ਵੀ ਟਿਕਟਾਂ ਕੱਟਣ ਲੱਗਿਆ ਤਾਂ ਇੱਕ ਵਾਰ ਤਾਂ ਬੱਸ ਵਿੱਚ ਮੁਰਦੇਹਾਣੀ ਛਾ ਗਈ ਪਰ ਜਦੋਂ ਕੰਡਕਟਰ ਨੇ ‘ਜੀਰੋ ਜੀਰੋ’ ਰਪਈਆਂ ਦੀਆਂ ਟਿਕਟਾਂ ਕੱਟ ਕੇ ਬੀਬੀਆਂ ਨੂੰ ਫੜਾਈਆਂ ਤੇ ਪੈਸਾ ਕੋਈ ਲਿਆ ਨਾ ਤਾਂ ਬੀਬੀਆਂ ਦੇ ਚਿਹਰੇ ਫੇਰ ਐਂ ਲਿਸ਼ਕ ਪਏ ਜਿਵੇਂ ਹੁਣੇ ਹੁਣੇ ਬਿਊਟੀ ਪਾਰਲਰੋਂ ਮੁੜੀਆਂ ਹੋਣ।

“ਵੇ ਭਾਈ ਜਦ ਟਿਕਟਾਂ ਦਾ ਕੋਈ ਪੈਸਾ ਓ ਨਹੀਂ ਲੈਣਾ ਫੇਰ ਆਹ ਜੀਰੋ ਜੀਰੋ ਦੀਆਂ ਟਿਕਟਾਂ ਕੱਟ ਕੇ, ਕਾਹਤੋਂ ਕਾਗਜ ਵੇਸਟ ਕਰੀ ਜਾਨੈ, ਇਹਦੇ ਨਾਲ਼ੋਂ ਤਾਂ ਟਿਕਟਾਂ ਨਾ ਈ ਕੱਟ !!” ਹੈਪੀ ਦੀ ਮੰਮੀ ਬੋਲੀ।

ਕੰਡਕਟਰ ਦੇ ਬੋਲਣ ਤੋਂ ਪਹਿਲਾਂ ਈ ਦਿਮਾਗੋ ਬੀਬੀ ਬੋਲ ਪਈ, “ਭੈਣ ਮੇਰੀਏ, ਸਰਕਾਰ ਨੇ ਰਕਾਰਡ ਵੀ ਤਾਂ ਰੱਖਣਾ ਹੋਇਆ। ਜਿੰਨੇ ਦੀਆਂ ਫ੍ਰੀ ਦੀਆਂ ਟਿਕਟਾਂ ਕੱਟਣਗੇ, ਓਨਾ ਪੈਸਾ ਵੀ ਤਾਂ ਕਿਸੇ ਪਾਸੋਂ ਵਸੂਲਣਗੇ। ਮਤਲਬ ਪੈਂਦ ਪੈਜੋ, ਸਰਹਾਣੇ ਪੈਜੋ, ਲੱਕ ਤਾਂ ਬਚਾਲ਼ੇ ਈ ਆਊ। ਸਰਕਾਰ ਵੀ ਜਿਹੋ ਜਿਹਾ ਮੂੰਹ ਹੁੰਦੈ, ਉਹੀ ਜੀ ਚਪੇੜ ਮਾਰ ਦਿੰਦੀ ਐ। ਯਾਦ ਰੱਖਿਓ, ਸਾਡੀਆਂ ਈ ਜੁੱਤੀਆਂ ਕੱਲ੍ਹ ਨੂੰ ਸਾਡੇ ਈ ਸਿਰ ਪੈਣਗੀਆਂ। ਖੂਹ ਦੀ ਮਿੱਟੀ ਖੂਹ ‘ਚ ਈ ਲਾ ਦੇਣਗੇ।”

ਦਿਮਾਗੋ ਬੀਬੀ ਦੀ ਸਿਆਣੀ ਜਿਹੀ ਤਕਰੀਰ ਸੁਣ ਕੇ ਸਿਆਣੀਆਂ–ਬਿਆਣੀਆਂ ਕਹਾਉਂਦੀਆਂ ਬੀਬੀਆਂ ਵੀ ਚੁੱਪ ਕਰ ਕੇ ਬਹਿ ਗਈਆਂ।
ਕੰਡਕਟਰ ਜਿਹੜਾ ਟਾਰਗੈਟ ਲੈ ਕੇ ਉੱਠਿਆ ਸੀ ਓਥੇ ਪਹੁੰਚ ਗਿਆ। ਦੋ ਛਮਕ ਜਿਹੇ ਮੁੰਡਿਆਂ ਕੋਲ਼ ਜਾ ਕੇ ਕਹਿੰਦਾ, “ਹਾਂ ਵੀ ਜਵਾਨੋ, ਟਿੱਕਟਾਂ ਬੋਲੋ।”

ਦੋਵੇਂ ਬੋਲੇ, “ਟਿਕਟਾਂ।”

“ਉਹ ਇਹ ਦੂਣੀ ਦਾ ਪਹਾੜਾ ਨ੍ਹੀਂ ਹੈਗਾ ਬਈ ਮੇਰੇ ਮਗਰ ਬੋਲਣ ਲੱਗਪੇ। ਟਿਕਟਾਂ ਬੋਲੋ, ਮਤਬਲ ਦੱਸੋ ਕਿੱਥੋਂ ਦੀ ਟਿਕਟ ਕੱਟਾਂ।”

ਦੋਵੇਂ ਬੋਲੇ, “ਸਟਾਫ਼ ਮੈਂਬਰ।”

“ਸਟਾਫ ਮੈਂਬਰ ਕਾਹਦੇ ? ਪੁਲਸ ਆਲ਼ੇ ਓਂ ਕਿ ਰੋਡਵੇਜ ਆਲ਼ੇ ਓਂ ?” ਕੰਡਕਟਰ ਨੇ ਪੁੱਛਿਆ।

“ਨਹੀਂ ਨਹੀਂ, ਅਸੀਂ ਜਨਾਨੀਆਂ ਆਲ਼ੇ ਸਟਾਫ਼ ਮੈਂਬਰ ਆਂ” ਦੋਵੇਂ ਜਵਾਨ ਫੇਰ ਕੱਠੇ ਬੋਲੇ।

ਕੰਡਕਟਰ ਨੇ ਬਹੁਤ ਗਹੁ ਨਾਲ਼ ਉਨ੍ਹਾਂ ਛਮਕ ਜਿਹੇ ਮਰਦਾਨਿਆਂ ਨੂੰ ਦੇਖਿਆ, ਉਹਨੂੰ ਉਹ ਕਿਸੇ ਵੀ ਪਾਸਿਓਂ ਜਨਾਨੀਆਂ ਨਾ ਜਾਪੀਆਂ ਪਰ ਉਹਨੂੰ ਮਸਲਾ ਵੀ ਸਮਝ ਨਹੀਂ ਸੀ ਆ ਰਿਹਾ, ਇਸ ਲਈ ਘੋਖਣਾ ਕਰਦਿਆਂ ਬੋਲਿਆ, “ਬਈ ਜਵਾਨੋ, ਊਂਅ ਮੈਂ ਉਹ ਵੀ ਦੇਖੇ ਆ ਜਿਹੜੇ ਢਿੱਲੇ ਜੇ ਬੰਦੇ ਹੁੰਦੇ ਆ ਪਰ ਤੁਸੀਂ ਤਾਂ ਉਹ ਵੀ ਨ੍ਹੀਂ ਲਗਦੇ ਤੇ ਜਨਾਨੀਆਂ ਤਾਂ ਤੁਸੀਂ ਹੈ ਨ੍ਹੀਂ ! ਫੇਰ ਤੁਸੀਂ ਟਿਕਟ ਕਿਉਂ ਨਹੀਂ ਕਟਾਉਂਦੇ ?”
ਤਦੇ ਇੱਕ ਜਵਾਨ ਨੇ ਫੇਸਬੁੱਕ ਖੋਲ੍ਹੀ ਤੇ ਇੱਕ ਆਈ.ਡੀ. ਖੋਲ੍ਹ ਕੇ ਦਿਖਾਉਂਦਿਆਂ ਕਿਹਾ, “ਯੇਹ ਦੇਖੋ ਜੀ, ਮੇਰੀ ਫੇਸਬੁੱਕ ਆਈ.ਡੀ. ਮੈਂ ਏਂਜਲ ਪ੍ਰਿਆ… ਯਾਨਿ ਮੈਂ ਫੇਸਬੁਕੀਆ ਪਰਿਵਾਰ ਕੇ ਹਿਸਾਬ ਸੇ ਲੜਕੀ ਹੂੰ…।”

“ਔਰ ਮੈਂ ਪਾਪਾ ਕੀ ਪਰੀ।” ਦੂਸਰੇ ਜਵਾਨ ਨੇ ਵੀ ਆਪਣੀ ਫੇਸਬੁੱਕ ਆਈ.ਡੀ. ਖੋਲ੍ਹ ਕੇ ਦਿਖਾਈ।

“ਹਮੇ ਭਗਵਾਨ ਜੀ ਨੇ ਚਾਹੇ ਮਰਦ ਬਨਾਇਆ ਹੈ ਪਰ ਅਸਲ ਮੇਂ ਹਮਾਰੀ ਆਤਮਾ ਤੋ ਲੜਕੀਓਂ ਵਾਲੀ ਹੈ, ਇਸੀ ਲੀਏ ਹਮ ਨੇ ਲਿੰਗ ਪਰਿਵਤਰਨ ਕਰ ਕੇ ਆਈ.ਡੀਜ਼. ਬਨਾਈ ਹੈਂ – ਮੈਂ ਏਂਜਲ ਪ੍ਰਿਆ ਔਰ ਯੇਹ ਪਾਪਾ ਕੀ ਪਰੀ।”

ਕੰਡਕਟਰ ਭੰਬਲਭੂਸੇ ਜਿਹੇ ਵਿੱਚ ਪਿਆ ਖੜ੍ਹਾ ਸੀ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਇਸ ਮਸਲੇ ਨੂੰ ਕਿਵੇਂ ਟੈਕਲ ਕਰੇ। ਉਹ ਆਪਣੀ ਜਾਣੇ ਤਰਕ ਜਿਹਾ ਕਰਦਾ ਕਹਿਣ ਲੱਗਾ, “ਓ ਥੋਡਾ ਦਮਾਕ ਤਾਂ ਨ੍ਹੀਂ ਖਰਾਬ ਹੋ ਗਿਆ। ਐਂ ਕੁੜੀਆਂ ਦੇ ਨਾਮ ‘ਤੇ ਆਈ.ਡੀ ਬਣਾਉਣ ਨਾਲ਼ ਕੁੜੀਆਂ ਤਾਂ ਨਹੀਂ ਬਣਜੋਂਗੀਆਂ। ਮੈਂ ਜੇ ਮੁੱਖ ਮੰਤਰੀ ਦੇ ਨਾਮ ‘ਤੇ ਆਈ.ਡੀ ਬਣਾਲਾਂ ਤਾਂ ਮੈਂ ਮੁੱਖ ਮੰਤਰੀ ਤਾਂ ਨ੍ਹੀਂ ਬਣਜੂੰ, ਰਹੂੰ ਤਾਂ ਮੈਂ ਬੰਤ ਸਿੰਘ ਈ !!”

“ਓ ਹੈਲੋ ਅੰਕਲ, ਹਮ ਖ਼ੁਦ ਹੀ ਨਹੀਂ ਬਲਕਿ ਲੋਗ ਬ੍ਹੀ ਹਮੇ ਲੜਕੀਆਂ ਸਮਝਤੇ ਹੈਂ। ਯੇ ਦੇਖੋ, ਹਮਾਰੇ ਮਰਦ ਫੇਸਬੁਕ ਫਰੈਂਡ ਬ੍ਹੀ ਹਮੇ ਲੜਕੀਆਂ ਸਮਝ ਕਰ ਹੀ ਬਾਤੇਂ ਕਰਤੇ ਹੈਂ।” ਏਂਜਲ ਪ੍ਰਿਆ ਨੇ ਕਈ ਸਕਰੀਨ ਸ਼ਾੱਟ ਦਿਖਾਏ ਜਿਸ ਵਿੱਚ ਹੋਰ ਮਰਦ ਆਈ.ਡੀਜ਼ ਤੋਂ ਮੈਸੇਜ ਆਏ ਪਏ ਸਨ ਜਿਹੜੇ ਇਨ੍ਹਾਂ ਨੂੰ ਸਚਮੁੱਚ ਕੁੜੀਆਂ ਸਮਝੀ ਬੈਠੇ ਸਨ।

“ਵੇ ਭੂਤਨੀ ਦਿਓ, ਕੋਈ ਤਾਂ ਸੰਗ ਸਰਮ ਕਰੋ। ਥੋਡੇ ਮਾਂ–ਪਿਓ ਦੇ ਮੱਥੇ ਘਸਗੇ ਹੋਣਗੇ ਪੁੱਤ ਦੀ ਦਾਤ ਪ੍ਰਾਪਤ ਕਰਨ ਲਈ, ਧਰਮੀਆਂ ਦੀਆਂ ਦੇਲ਼ੀਆਂ ‘ਤੇ ਮੱਥੇ ਟੇਕ ਰਗੜ ਰਗੜ ਕੇ ਤੇ ਥੋਨੂੰ ਲੱਛ ਚੜ੍ਹੀ ਐ ਕੁੜੀ ਬਣਨ ਦੀ !! ਵੇ ਅੰਨ੍ਹੀ ਦਿਓ, ਹੋਰ ਸਭ ਛੱਡੋ, ਸਾਡੇ ਕੰਨ੍ਹੀ ਦੇਖ ਕੇ ਈ ਸ਼ਰਮ ਕਰਲੋ। ਅਸੀਂ ਨਾ ਤਿੰਨਾ ਚ ਨਾ ਤੇਰਾਂ ਚ, ਨਾ ਪਲੇਅਰਾਂ ‘ਚ ਨਾ ਸਪੇਅਰਾਂ ‘ਚ।” ਨਾਲ਼ ਦੀ ਸੀਟ ‘ਤੇ ਬੈਠੇ ਇੱਕ ਖੁਸਰੇ ਮਹੰਤ (ਤੀਸਰਾ ਲਿੰਗ) ਨੇ ਜ਼ੋਰਦਾਰ ਕਰਾਰੀ ਤਾੜੀ ਮਾਰਦਿਆਂ ਕਿਹਾ, “ਅਸੀਂ ਖੌਰੇ ਕਿਹੜੀ ਜੂਨੇ ਆਏ ਆਂ, ਪਹਿਲਾਂ ਸਾਡੇ ਨਾਲ਼ ਰੱਬ ਨੇ ਬੁਰੀ ਬਣਾਈ ਤੇ ਹੁਣ ਸਰਕਾਰਾਂ ਬਣਾਈ ਜਾਂਦੀਆਂ। ਵੇ ਤੁਸੀਂ ਕਾਹਨੂੰ ਸਾਡੇ ਸਟਾਫ਼ ਮੈਂਬਰ ਬਣਨ ਨੂੰ ਫਿਰਦੇ ਓਂ। ਚੰਗੇ ਭਲੇ ਰੱਬ ਨੇ ਹੱਥ ਪੈਰ ਦਿੱਤੇ ਐ, ਨਰੋਈ ਦੇਹ ਦਿੱਤੀ ਐ, ਕੁਛ ਕਰ ਕੇ ਖਾਓ, ਕਿਉਂ ਮੁਫਤ ਦਾ ਖਾਣ ਲਈ ਭੇਸ ਬਟਾਈ ਫਿਰਦੇ ਓਂ !!”

ਖੁਸਰੇ ਮਹੰਤ ਦੀਆਂ ਤੱਤੀਆਂ ਤੱਤੀਆਂ ਤੇ ਕਰਾਰੀਆਂ ਗੱਲਾਂ ਸੁਣ ਕੇ ਏਂਜਲ ਪ੍ਰਿਆ ਤੇ ਪਾਪਾ ਕੀ ਪਰੀ ਦੀ ਨੀਵੀਂ ਪੈ ਗਈ।

“ਜੇ ਹਜੇ ਵੀ ਨ੍ਹੀਂ ਸ਼ਰਮ ਤਾਂ ਮੈਂ ਆਪਣੀ ਟਿਕਟ ਤਾਂ ਲੈਣੀ ਓ ਆ, ਸਟਾਫ ਮੈਂਬਰ ਸਮਝ ਕੇ ਦੋ ਟਿਕਟਾਂ ਥੋਡੀਆਂ ਵੀ ਕਟਾ ਲੈਨਾਂ ਜਾਂ ਕਟਾ ਲੈਨੀ ਆਂ।” ਇੰਨਾ ਆਖ ਖੁਸਰਾ ਮਹੰਤ ਗੀਜੇ ਵਿੱਚੋਂ ਪੈਸੇ ਕੱਢਣ ਲੱਗਾ।

ਏਂਜਲ ਪ੍ਰਿਆ ਤੇ ਪਾਪਾ ਕੀ ਪਰੀ ਸ਼ਰਮੋ–ਸ਼ਰਮੀ ਪੈਸੇ ਕੱਢਣ ਲੱਗ ਪਏ।

ਦਿਮਾਗੋ ਬੀਬੀ ਨੇ ਖੜ੍ਹੀ ਹੋ ਕੇ ਮਹੰਤ ਖੁਸਰੇ ਲਈ ਤਾੜੀਆਂ ਵਜਾਈਆਂ ਤੇ ਬੋਲੀ, “ਵਾਹ ਵਾਹ, ਮਹੰਤ ਜੀ, ਅਸ਼ਕੇ ਤੁਹਾਡੀ ਲਾਹਨਤਾਂ ਦੇ, ਮਿੰਟ ‘ਚ ਈ ਬੰਦੇ ਬਣਾਤੇ ਪਰ ਉਨ੍ਹਾਂ ਨਾਲ਼ ਬਹੁਤ ਮਾੜੀ ਹੋਊ ਜਿਹੜੇ ਇਹਨੂੰ ਨੂੰ ‘ਲੜਕੀਆਂ’ ਸਮਝ ਕੇ ਸੁਪਨਿਆਂ ਦੇ ਮਹਿਲ ਉਸਾਰੀ ਬੈਠੇ ਸੀ।”

ਖੁਸਰਾ ਮਹੰਤ ਬੋਲਿਆ, “ਬੀਬੀ; ਬੰਦਾ ਜਾਂ ਬਟੇਰ ਹੋਵੇ ਜਾਂ ਹੋਵੇ ਤਿੱਤਰ…. ਪਰ ਨਾ ਹੋਵੇ ਕਦੇ ਬਟਿੱਤਰ।”

ਸਵਾਮੀ ਸਰਬਜੀਤ
ਪਟਿਆਲ਼ਾ
9888401328

Previous articleਕਿਸਾਨੀ ਮੋਰਚਾ
Next articleਸ਼ਹਿਰ ਖਾਲ਼ੀ ਹੋ ਰਹੇ ਨੇ