ਮ੍ਰਿਤਕਾਂ ਵਿੱਚ ਇੱਕ ਪਰਿਵਾਰ ਦੇ ਚਾਰ ਜੀਅ, ਦੋ ਔਰਤਾਂ ਅਤੇ ਇੱਕ ਬੱਚੇ ਦੀ ਵੀ ਜਾਨ ਗਈ
ਬਟਾਲਾ ਬਟਾਲਾ ਦੇ ਜਲੰਧਰ ਰੋਡ ’ਤੇ ਹੰਸਲੀ ਨਾਲੇ ਕਿਨਾਰੇ ਰਿਹਾਇਸ਼ੀ ਇਲਾਕੇ ਵਿੱਚ ਸਥਿੱਤ ਇੱਕ ਪਟਾਕਾ ਫੈਕਟਰੀ ਵਿੱਚ ਬਾਅਦ ਦੁਪਹਿਰ 4 ਵਜੇ ਦੇ ਕਰੀਬ ਜ਼ੋਰਦਾਰ ਧਮਾਕਾ ਹੋਣ ਕਾਰਨ 23 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ, ਇਨ੍ਹਾਂ ਵਿੱਚੋਂ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੰਭੀਰ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ ਹੈ। ਮ੍ਰਿਤਕਾਂ ਵਿੱਚ 2 ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚ ਇੱਕੋਂ ਪਰਿਵਾਰ ਦੇ 4 ਜੀਅ ਸ਼ਾਮਲ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਕਿਲੋਮੀਟਰ ਤੱਕ ਇਸ ਦੀ ਆਵਾਜ਼ ਸੁਣੀ ਗਈ ਅਤੇ ਕਰੀਬ 500 ਮੀਟਰ ਤੋਂ ਵੱਧ ਦੂਰੀ ਤੱਕ ਧਮਾਕੇ ਦੀ ਧਮਕ ਮਹਿਸੂਸ ਕੀਤੀ ਗਈ ਅਤੇ ਦੁਕਾਨਾਂ ਅਤੇ ਘਰਾਂ ਦੇ ਸ਼ੀਸੇ ਅਤੇ ਫਲੈਕਸ ਬੋਰਡ ਵੀ ਟੁੱਟ ਗਏ। ਧਮਾਕੇ ਕਾਰਨ ਫੈਕਟਰੀ ਪੂਰੀ ਤਰ੍ਹਾਂ ਮਲਬੇ ਦੇ ਢੇਰ ਵਿੱਚ ਬਦਲ ਗਈ ਜਦ ਕਿ ਨਾਲ ਲੱਗਦੇ ਇੱਕ ਘਰ ਦਾ ਲੈਂਟਰ ਵੀ ਡਿੱਗ ਗਿਆ ਅਤੇ 2 ਹੋਰ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਫੈਕਟਰੀ ਦੇ ਬਾਹਰ ਸੜਕ ਉੱਤੇ ਖੜ੍ਹੀਆਂ ਕਾਰਾਂ ਅਤੇ ਮੋਟਰ ਸਾਈਕਲ ਹਵਾ ਵਿੱਚ ਉੱਡਦੇ ਹੋਏ ਨਾਲ ਲੱਗਦੇ ਹੰਸਲੀ ਨਾਲੇ ਵਿੱਚ ਜਾ ਡਿੱਗੇ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀਆਂ ਵਿੱਚ ਸਹਿਜਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਾਲਾ ਅਫਗਾਨਾ, ਮਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਦਬੁਰਜੀ, ਅਕਾਸ਼ਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਨਾਨਕ ਚੱਕ, ਪਰਮਜੀਤ ਕੌਰ ਵਾਸੀ ਗੁਰੂ ਕਾਲੋਨੀ ਬਟਾਲਾ, ਸੱਜਣ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਜੇਠੂਵਾਲ, ਰਾਜਪਾਲ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪ੍ਰੇਮ ਨਗਰ ਬਟਾਲਾ, ਕੀਮਤੀ ਲਾਲ ਪੁੱਤਰ ਸਾਂਈ ਦਾਸ ਵਾਸੀ ਡੌਲਾ ਨੰਗਲ, ਹਰਮਨਜੀਤ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਗੁਰੂ ਰਾਮਦਾਸ ਕਾਲੋਨੀ ਬਟਾਲਾ, ਜਸ਼ਨਪ੍ਰੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਜਾਂਗਲਾ, ਹਰਦੇਵ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜਾਂਗਲਾ ਅਤੇ ਨਰਿੰਦਰਜੋਤ ਕੌਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਨਾਨਕਚੱਕ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ, ਪੁਲੀਸ, ਐੱਨਡੀਆਰਐੱਫ, ਹੋਮਗਾਰਡ, ਫਾਇਰ ਬ੍ਰਿਗੇਡ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜਾਂ ਵਿੱਚ ਲੱਗ ਗਈਆਂ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਅਤੇ 2 ਜੇਸੀਬੀ ਮਸ਼ੀਨਾਂ ਨੇ ਰਾਹਤ ਕਾਰਜ ਆਰੰਭ ਦਿੱਤੇ ਹਨ। ਇਸ ਮੌਕੇ ਡੀਸੀ ਗੁਰਦਾਸਪੁਰ ਵਿਪੁਲ ਉਜਵਲ, ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਸੀਜੇਐੱਮ ਰਾਣਾ ਕੰਵਰਦੀਪ ਕੌਰ ਨੇ ਮੌਕੇ ਦਾ ਜਾਇਜ਼ਾ ਲੈ ਕੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਵੀ ਪੁੱਛਿਆ। ਇਸ ਮੌਕੇ ਜ਼ਖ਼ਮੀਆਂ ਦਾ ਹਾਲ ਪੁੱਛਣ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਸਿਵਲ ਹਸਪਤਾਲ ਬਟਾਲਾ ਪਹੁੰਚੇ। ਸਿਵਲ ਹਸਪਤਾਲ ਬਟਾਲਾ ਵਿੱਚ ਇਕੱਠੇ ਹੋਏ ਕਿਸੇ ਵੀ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਨੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਤੇ ਪੋਸਟਮਾਰਟਮ 5 ਸਤੰਬਰ ਨੂੰ ਕਰਵਾਇਆ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਰਾਹਤ ਕਾਰਜ ਜਾਰੀ ਸਨ ਅਤੇ ਮਲਬੇ ਹੇਠੋਂ ਹੋਰ ਵੀ ਲਾਸ਼ਾਂ ਮਿਲਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਜਦੋਂ ਧਮਾਕਾ ਹੋਇਆ ਤਾਂ ਪੂਰੀ ਕਾਲੋਨੀ ਵਿੱਚ ਇੱਕ ਜ਼ੋਰਦਾਰ ਧਮਕ ਮਹਿਸੂਸ ਕੀਤੀ ਗਈ ਅਤੇ ਇੰਝ ਮਹਿਸੂਸ ਹੋਇਆ ਜਿਵੇਂ ਬੰਬ ਬਲਾਸਟ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਤੁਰੰਤ ਜਦ ਉਨ੍ਹਾਂ ਨੇ ਬਾਹਰ ਨਿਕਲ ਕੇ ਵੇਖਿਆ ਤਾਂ ਪਟਾਕਾ ਫੈਕਟਰੀ ਦੀ ਇਮਾਰਤ ਪੂਰੀ ਤਰ੍ਹਾਂ ਮਲਬੇ ਦਾ ਢੇਰ ਬਣ ਚੁੱਕੀ ਸੀ ਗੁਰੂ ਰਾਮਦਾਸ ਕਾਲੋਨੀ ਦੇ ਵਸਨੀਕ ਗੁਰਮੀਤ ਸਿੰਘ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਪਟਾਕਾ ਫੈਕਟਰੀ 3 ਸਕੇ ਭਰਾਵਾਂ ਦੀ ਸੀ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਵਰਕਰਾਂ ਨਾਲ ਇੱਥੇ ਆਤਿਸ਼ਬਾਜ਼ੀ ਦਾ ਸਾਮਾਨ ਬਣਾਉਣ ਦਾ ਕੰਮ ਕਰਦੇ ਸਨ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ। ਡੀਸੀ ਗੁਰਦਾਸਪੁਰ ਵਿਪੁਲ ਉਜਵਲ ਨੇ ਕਿਹਾ ਕਿ ਫਿਲਹਾਲ ਹਾਦਸੇ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਅਤੇ ਪ੍ਰਸ਼ਾਸਨ ਸਿਰਫ ਰਾਹਤ ਕਾਰਜਾਂ ਵਿੱਚ ਜੁੱਟਿਆ ਹੋਇਆ ਹੈ ਤਾਂ ਜੋ ਜ਼ਖ਼ਮੀਆਂ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਲਈ ਲੁਧਿਆਣਾ ਤੋਂ ਐੱਨਡੀਆਰਐੱਫ ਦੀ ਇੱਕ ਟੀਮ ਵੀ ਬੁਲਾਈ ਗਈ ਹੈ।