ਬਜੂਹਾ ਕਲਾਂ ’ਚ ਪੁਲੀਸ ਵਲੋਂ ਦੋ ਘੰਟੇ ਤਲਾਸ਼ੀ; ਇੱਕ ਸਰਿੰਜ ਤੇ ਮੁੱਠ ਕੁ ਭੁੱਕੀ ਫੜੀ

ਦਿਹਾਤੀ ਪੁਲੀਸ ਨੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੌਰਾਨ ਪਿੰਡ ਬਜੂਹਾਂ ਕਲਾਂ ਵਿੱਚ 150 ਪੁਲੀਸ ਕਰਮੀਆਂ ਨੇ ਦੋ ਐਸਪੀਜ਼, ਦੋ ਡੀਐਸਪੀਜ਼ ਅਤੇ ਤਿੰਨ ਥਾਣੇਦਾਰਾਂ ਨੇ ਢਾਈ ਘੰਟੇ ਲਾ ਕੇ ਘਰ-ਘਰ ਦੀ ਤਲਾਸ਼ੀ ਕਰ ਕੇ ਸਿਰਫ਼ ਇੱਕ ਨਸ਼ੇ ਕਰਨ ਲਈ ਵਤਰੀ ਜਾਣ ਵਾਲੀ ਸਰਿੰਜ ਤੇ ਭੋਰਾ ਕੁ ਭੁੱਕੀ ਫੜੀ ਹੈ। ਪੁਲੀਸ ਨੇ 19 ਜਣਿਆਂ ਨੂੰ ਸ਼ੱਕ ਦੇ ਅਧਾਰ ’ਤੇ ਹੀ ਹਿਰਾਸਤ ਵਿਚ ਲਿਆ ਹੈ। ਪੁਲੀਸ ਨੇ ਫੜੀ ਗਈ ਭੁੱਕੀ ਦਾ ਕੋਈ ਵਜ਼ਨ ਨਹੀਂ ਦੱਸਿਆ ਸਿਰਫ ਏਨਾ ਹੀ ਕਿਹਾ ਕਿ ਦੋ ਜਣਿਆਂ ਕੋਲੋਂ ਕੁਝ ਭੁੱਕੀ ਫੜੀ ਗਈ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਦੋ ਘੰਟੇ ਜਾਰੀ ਰਹੀ। ਇਸ ਦੀ ਅਗਵਾਈ ਸੁਪਰਡੈਂਟ ਪੁਲੀਸ ਆਰ ਪੀ ਐਸ ਸੰਧੂ, ਵਤਸਲ ਗੁਪਤਾ, ਡੀ.ਐਸ.ਪੀ ਮੱਖਣ ਸਿੰਘ, ਡੀ.ਐਸ.ਪੀ ਅਜੈ ਸਿੰਘ ਅਤੇ ਐਸ.ਐਚ.ਓ. ਨਕੋਦਰ ਸਦਰ, ਨਕੋਦਰ ਸਿਟੀ ਅਤੇ ਨੂਰਮਹਿਲ ਨੇ ਸਾਂਝੇ ਤੌਰ ’ਤੇ ਕੀਤੀ।ਵਿਸ਼ੇਸ਼ ਜਾਂਚ ਮੁਹਿੰਮ ਦੌਰਾਨ 150 ਦੇ ਕਰੀਬ ਪੁਲੀਸ ਜਵਾਨ ਵਲੋਂ ਜਿਥੇ ਅਨੇਕਾਂ ਘਰਾਂ ਵਿਚ ਜਾਂਚ ਕੀਤੀ ਗਈ ਉੱਥੇ ਹੀ ਡਾਗ ਸਕੁਐਡ ਅਤੇ ਦੰਗਾ ਵਿਰੋਧੀ ਟੀਮਾਂ ਵਲੋਂ ਵੀ ਜਾਂਚ ਮੁਹਿੰਮ ਦੌਰਾਨ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਸ਼੍ਰੀ ਮਾਹਲ ਨੇ ਕਿਹਾ ਕਿ ਪੁਲੀਸ ਨੇ ਪਿੰਡ ਬਜੂਹਾਂ ਕਲਾਂ ਵਿੱਚ ਸਵੇਰੇ ਸਾਢੇ ਪੰਜ ਵਜੇ ਦਾਖ਼ਲ ਹੋਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਨਾ ਤਾਂ ਪਿੰਡ ਵਿਚ ਦਾਖ਼ਲ ਹੋ ਸਕੇ ਅਤੇ ਨਾ ਹੀ ਬਚ ਕੇ ਨਿਕਲ ਸਕੇ। ਉਨ੍ਹਾਂ ਕਿਹਾ ਕਿ ਇਹ ਤਲਾਸ਼ੀ ਮੁਹਿੰਮ ਸਵੇਰੇ ਸਾਢੇ ਸੱਤ ਵਜੇ ਤੱਕ ਜਾਰੀ ਰਹੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਵੱਖ-ਵੱਖ ਟੀਮਾਂ ਵਲੋਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਪਿੰਡ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪੁਲੀਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਨਸ਼ਾ ਤਸਕਰਾਂ ਵਿਰੁੱਧ ਡਟ ਕੇ ਲੜਾਈ ਲੜਨ ਦਾ ਭਰੋਸਾ ਦਿੱਤਾ ਹੈ। ਛਾਪੇ ਦੌਰਾਨ 19 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਸਰਿੰਜ ਅਤੇ ਦੋ ਵਿਅਕਤੀਆਂ ਪਾਸੋਂ ਕੁਝ ਭੁੱਕੀ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਲਈ ਇਹ ਮੁਹਿੰਮ ਜਾਰੀ ਰੱਖਣਗੇ।

Previous articleਆਈਟੀ ਪਾਰਕ ਵਿਚ ਵਾਪਰੇ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ
Next articleਸਿੰਧੂ ਇੰਡੋਨੇਸ਼ੀਆ ਓਪਨ ਦੇ ਫਾਈਨਲ ’ਚ ਹਾਰੀ