ਬਜਟ ਵਿੱਚ ਵਿਖਾਏ ਸਾਰੇ ਅਨੁਮਾਨ ‘ਹਕੀਕੀ’: ਸੀਤਾਰਮਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ਦੀ ਆਲੋਚਕਾਂ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਕਿਹਾ ਕਿ ਵਿੱਤੀ ਸਾਲ 2019-20 ਲਈ ਪੇਸ਼ ਬਜਟ ਵਿੱਚ ਦਰਸਾਇਆ ਹਰ ਅਨੁਮਾਨ/ਅੰਕੜਾ ‘ਹਕੀਕੀ’ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਤੇ ਨਿਵੇਸ਼ ’ਤੇ ਲਾਏ ਜ਼ੋਰ ਨੇ ਭਾਰਤੀ ਅਰਥਚਾਰੇ ਨੂੰ ਅਗਲੇ ਪੰਜ ਸਾਲਾਂ ਵਿੱਚ ਦੁੱਗਣਾ ਕਰਕੇ ਪੰਜ ਖਰਬ ਡਾਲਰ ਦਾ ਬਣਾਉਣ ਦੀ ਨੀਂਹ ਰੱਖੀ ਹੈ। ਵਿੱਤ ਮੰਤਰੀ ਅੱਜ ਰਾਜ ਸਭਾ ਵਿੱਚ ਕੇਂਦਰੀ ਬਜਟ ’ਤੇ ਹੋਈ ਬਹਿਸ ਦਾ ਜਵਾਬ ਦੇ ਰਹੇ ਸਨ। ਉਂਜ ਵਿੱਤ ਮੰਤਰੀ ਦੀ ਤਕਰੀਰ ਦਾ ਬਹੁਤਾ ਹਿੱਸਾ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਵੱਲੋਂ ਲੰਘੇ ਦਿਨ ਕੀਤੇ ਉਜ਼ਰਾਂ ਵੱਲ ਕੇਂਦਰਤ ਸੀ। ਚਿਦੰਰਮ ਨੇ ਭਾਰਤੀ ਅਰਥਚਾਰੇ ਨੂੰ ਕਮਜ਼ੋਰ ਦੱਸਦਿਆਂ ‘ਹਿੰਮਤੀ ਫੈਸਲੇ ਲੈਣ ਤੇ ਬੁਨਿਆਦੀ ਢਾਂਚੇ ’ਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਵਿੱਤੀ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਖਾਸ ਕਰਕੇ ਰੱਖਿਆ, ਪੈਨਸ਼ਨ, ਤਨਖਾਹਾਂ ਤੇ ਅੰਦਰੂਨੀ ਸੁਰੱਖਿਆ ’ਤੇ ਕੀਤੇ ਜਾਣ ਵਾਲੇ ਖਰਚ ਲਈ ਮੁਨਾਸਬ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਜਟ ਵਿੱਚ ਖ਼ਜ਼ਾਨੇ ਦੀ ਮਜ਼ਬੂਤੀ ਨਾਲ ਕੋਈ ਸਮਝੌਤਾ ਕੀਤੇ ਬਿਨਾਂ ਨਿਵੇਸ਼ ਵਧਾਉਣ ਦੀ ਯੋਜਨਾ ਨਾਲ ਵਿਕਾਸ ਦੀ ਵੱਡੀ ਤਸਵੀਰ ਪੇਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਰਥਚਾਰੇ ਦਾ ਆਕਾਰ 2.7 ਖਰਬ ਅਮਰੀਕੀ ਡਾਲਰ ਤੋਂ ਵਧਾ ਕੇ 2024-25 ਤਕ ਪੰਜ ਖਰਬ ਡਾਲਰ ਦਾ ਕਰਨਾ ‘ਬਿਨਾਂ ਕਿਸੇ ਯੋਜਨਾ ਤੋਂ’ ਸੰਭਵ ਨਹੀਂ ਹੈ। ਸੀਤਾਰਮਨ ਨੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਆਗੂ ਪੀ.ਚਿਦੰਬਰਮ ਦੀ ਇਸ ਨੁਕਤਾਚੀਨੀ ਨੂੰ ਅੰਕੜਿਆਂ ਨਾਲ ਖਾਰਜ ਕਰ ਦਿੱਤਾ ਕਿ ਬਜਟ ਵਿੱਚ ਆਮਦਨ/ਖਰਚ ਦੇ ਅਨੁਮਾਨ ਗ਼ੈਰਵਿਹਾਰਕ ਹਨ ਤੇ ਇਸ ਨਾਲ ਟੀਚਿਆਂ ਨੂੰ ਹਾਸਲ ਕਰਨਾ ਮੁਸ਼ਕਲ ਹੋਵੇਗਾ। ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ’ਤੇ ਦੋ ਰੁਪਏ ਪ੍ਰਤੀ ਲਿਟਰ ਟੈਕਸ ਵਧਾਉਣ ਨਾਲ ਮਾਲੀਏ ਨੂੰ ਹੁਲਾਰਾ ਮਿਲਿਆ ਹੈ ਜਦੋਂਕਿ ਰਿਟਰਨ ਫਾਈਲ ਦੇ ਅਮਲ ਨੂੰ ਸੁਖਾਲਾ ਬਣਾਉਣ ਤੇ ਟੈਕਸ ਚੋਰੀ ਨੂੰ ਨੱਥ ਪੈਣ ਨਾਲ ਜੀਐਸਟੀ ਕੁਲੈਕਸ਼ਨ ਵਿੱਚ 14 ਫੀਸਦ ਤੋਂ ਵਧ ਦਾ ਉਛਾਲ ਆਏਗਾ। ਚਿਦੰਬਰਮ ਦੀਆਂ ਇਹ ਟਿੱਪਣੀਆਂ ਕਿ ਕੇਂਦਰੀ ਬਜਟ ਵਿੱਚ ‘ਹਿੰਮਤੀ ਫੈਸਲਿਆਂ ਤੇ ਬੁਨਿਆਦੀ ਸੁਧਾਰਾਂ’ ਦੀ ਘਾਟ ਰੜਕਦੀ ਸੀ, ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਜੁਲਾਈ 2017 ਵਿੱਚ ਲਿਆਂਦੇ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਅਤੇ ਇਨਸੌਲਵੈਂਸੀ ਤੇ ਦੀਵਾਲੀਆ ਕੋਡ 2016 ਨੂੰ ਬੁਨਿਆਦੀ ਸੁਧਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਬੈਂਕਾਂ ਵਿੱਚ ਪੂੰਜੀ ਪਾਉਣ ਤੇ ਸਿੱਧਾ ਲਾਭ ਤਬਦੀਲੀ (ਡੀਬੀਟੀ) ਸਮੇਤ ਕੁੱਲ 16 ਸੁਧਾਰ ਅਮਲ ਵਿੱਚ ਲਿਆਂਦੇ ਸਨ। ਉਨ੍ਹਾਂ ਕਿਹਾ, ‘ਬਜਟ ਨੇ ਭਵਿੱਖ ਦੀ ਤਸਵੀਰ ਵਿਖਾਈ ਹੈ ਤੇ ਇਹ ਅਗਲੇ ਦਸ ਸਾਲਾਂ ਦੀ ਦੂਰਦ੍ਰਿਸ਼ਟੀ ਹੈ, ਜੋ ਅਰਥਚਾਰੇ ਨੂੰ ਪੰਜ ਖਰਬ ਡਾਲਰ ਦਾ ਬਣਾਉਣ ਦੇ ਟੀਚੇ ਨੂੰ ਵਿਖਾਉਂਦੀ ਹੈ, ਜਿਸ ਨੂੰ ਅਸੀਂ ਪੂਰਾ ਕਰਨਾ ਚਾਹੁੰਦੇ ਹਾਂ।’

Previous articleUS takes most immigrants from Asia, Africa
Next articleਕਰਤਾਰਪੁਰ ਲਾਂਘਾ: ਭਾਰਤ-ਪਾਕਿ ’ਚ ਪੁਲ ਬਣਿਆ ਅਡ਼ਿੱਕਾ