ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਬਜਟ ਦਾ ਸਵਾਗਤ ਕਰਦਿਆਂ ਅੱਜ ਕਿਹਾ ਕਿ ਕੇਂਦਰੀ ਬਜਟ ਆਰਥਿਕ ਵਿਕਾਸ ਨੂੰ ਰਫ਼ਤਾਰ ਦਿੰਦਿਆਂ ਦੇਸ਼ ਦੇ ਹਰ ਨਾਗਰਿਕ ਨੂੰ ਵਿੱਤੀ ਤੌਰ ’ਤੇ ਸਸ਼ੱਕਤ ਬਣਾਉਣ ਦੇ ਨਾਲ ਇਸ ਨਵੇਂ ਦਹਾਕੇ ਵਿੱਚ ਅਰਥਚਾਰੇ ਦੀ ਨੀਂਹ ਨੂੰ ਮਜ਼ਬੂਤ ਕਰੇਗਾ।
ਸ੍ਰੀ ਮੋਦੀ ਨੇ ਕਿਹਾ ਕਿ ਬਜਟ ਵਿੱਚ ‘ਰਾਜਨੀਤਕ ਸੂਝ ਤੇ ਅਮਲ’ ਦੋਵੇਂ ਚੀਜ਼ਾਂ ਨਜ਼ਰ ਆਉਂਦੀਆਂ ਹਨ, ਜਿਸ ਲਈ ਇਸ ਦੀ ਤਾਰੀਫ਼ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚਲੀਆਂ ਵਿਵਸਥਾਵਾਂ ਆਮ ਲੋਕਾਂ ਦੀ ਰਹਿਣ ਸਹਿਣ ਨੂੰ ਸੁਖਾਲਾ ਬਣਾਉਣਗੀਆਂ। ਸ੍ਰੀ ਮੋਦੀ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਇਸ ਬਜਟ ਨਾਲ ਆਮਦਨ ਤੇ ਨਿਵੇਸ਼ ਵਧੇਗਾ, ਮੰਗ ਤੇ ਖਪਤ ਵਧੇਗੀ, ਵਿੱਤੀ ਪ੍ਰਬੰਧ ਤੇ ਕਰੈਡਿਟ ਵਹਾਅ ਨੂੰ ਨਵਾਂ ਬਲ ਮਿਲੇਗਾ।’ ਉਨ੍ਹਾਂ ਕਿਹਾ ਕਿ ਬਜਟ ਮੁਲਕ ਦੀਆਂ ਮੌਜੂਦਾ ਲੋੜਾਂ ਅਤੇ ਇਸ ਦਹਾਕੇ ਵਿੱਚ ਭਵਿੱਖੀ ਆਸਾਂ ਉਮੀਦਾਂ ਨੂੰ ਪੂਰਾ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ, ‘ਬਜਟ ਵਿੱਚ ਐਲਾਨੇ ਨਵੇਂ ਸੁਧਾਰਾਂ ਨਾਲ ਅਰਥਚਾਰੇ ਨੂੰ ਰਫ਼ਤਾਰ ਮਿਲੇਗੀ, ਹਰ ਨਾਗਰਿਕ ਵਿੱਤੀ ਤੌਰ ’ਤੇ ਸਸ਼ੱਕਤ ਬਣੇਗਾ ਤੇ ਇਸ ਦਹਾਕੇ ਵਿੱਚ ਅਰਥਚਾਰੇ ਦੀਆਂ ਨੀਹਾਂ ਮਜ਼ਬੂਤ ਹੋਣਗੀਆਂ।’
ਉਨ੍ਹਾਂ ਕਿਹਾ ਕਿ ਰੁਜ਼ਗਾਰ ਲਈ ਖੇਤੀ, ਬੁਨਿਆਦੀ ਢਾਂਚਾ, ਟੈਕਸਟਾਈਲ ਤੇ ਤਕਨਾਲੋਜੀ ਚਾਰ ਮੁੱਖ ਖੇਤਰ ਹਨ, ਤੇ ਬਜਟ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਇਨ੍ਹਾਂ ਚਾਰਾਂ ਖੇਤਰਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਜਿਹੜਾ 16 ਨੁਕਾਤੀ ਐਕਸ਼ਨ ਪਲਾਨ ਰੱਖਿਆ ਗਿਆ ਹੈ, ਉਸ ਦਾ ਮੁੱਖ ਨਿਸ਼ਾਨਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਵੱਲ ਕੇਂਦਰਤ ਹੈ।
INDIA ਬਜਟ ਵਿੱਚ ‘ਦੂੁਰਦ੍ਰਿਸ਼ਟੀ ਤੇ ਅਮਲ’ ਦੋਵੇਂ: ਮੋਦੀ