(ਸਮਾਜ ਵੀਕਲੀ)
ਸੂਰਜ ਦੇ ਰਹਿੰਦਿਆਂ
ਘਰਾਂ ਚੋਂ ਬਾਹਰ ਆ ਜਾਣਾ-
ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ।
ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ
ਫੇਰ…ਖਿੜ ਖਿੜਾ ਕੇ ਹੱਸਣਾ।
ਮਿੱਟੀ ਦੇ ਘਰ ਬਣਾਉਣ ਲੱਗ ਪੈਣਾ-
ਪੈਰ ਹੇਠਾਂ ਰੱਖ-
ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ।
ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ।
ਜਦੋਂ ਲੱਗਣਾ ਕਿ ‘ਪੱਕ ਏ’ ਤਾਂ-
ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ
ਘਰ ਬਣ ਜਾਣਾ….. ਖੁਸ਼ ਹੋ ਜਾਣਾ।
ਤੀਲੇ ਤੋੜਨੇ, ਘਰ ਸਜਾਉਣਾ।
ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ।
ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ।
ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ।
ਸਮਾਂ ਭੁਲ ਜਾਣਾ—-
ਤੇ ਫੇਰ ਦੂਰੋਂ ਆਵਾਜ਼ ਆਉਣੀ-
‘ਝਾਈ’ ‘ਵਾਜ਼ਾਂ ਮਾਰਦੀ ਏ।
ਘਰ ਦਾ ਚੇਤਾ ਆਉਣਾ।
ਤੁਰਨ ਲੱਗਿਆਂ ਘਰ ਨੂੰ ਨਿਹਾਰਨਾ।
ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ-
ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ
ਤੇ ਆਖਣਾ-
‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’
ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ
ਲਿਤਾੜਨਾ ਤੇ ਖਿੜ ਜਾਣਾ-
ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ।
ਪਰ…
ਪਰ ਹੁਣ ਮੈਂ ਵੱਡਾ ਹੋ ਗਿਆ ਹਾਂ-
ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ।
ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ-
ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ।