ਬਗਦਾਦ : ਰਾਜਧਾਨੀ ਬਗਦਾਦ ‘ਚ ਸ਼ਨਿਚਰਵਾਰ ਨੂੰ ਕਰਫਿਊ ਹਟਣ ਮਗਰੋਂ ਵੱਡੀ ਗਿਣਤੀ ‘ਚ ਮੁਜ਼ਾਹਰਾਕਾਰੀ ਲਿਬਰੇਸ਼ਨ ਸੁਕੇਅਰ ਸਮੇਤ ਕਈ ਇਲਾਕਿਆਂ ‘ਚ ਇਕੱਠੇ ਹੋਏ। ਇਸ ਦੌਰਾਨ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਕਾਰ ਮੁੜ ਝੜਪ ਹੋਈ, ਜਿਸ ‘ਚ ਪੰਜ ਲੋਕ ਮਾਰੇ ਗਏ। ਰਾਜਧਾਨੀ ‘ਚ ਤਣਾਅ ਨੂੰ ਵੇਖਦਿਆਂ ਮੁੱਖ ਚੌਰਾਹਿਆਂ ‘ਤੇ ਭਾਰੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਮੁੱਖ ਸੜਕਾਂ ‘ਤੇ ਆਵਾਜਾਈ ਬੰਦ ਹੈ ਤੇ ਇੰਟਰਨੈੱਟ ਸੇਵਾ ਵੀ ਹਾਲੇ ਤਕ ਠੱਪ ਹੈ।
ਬੇਰੁਜ਼ਗਾਰੀ, ਬਦਤਰ ਸਹੂਲਤਾਂ ਤੇ ਭਿ੍ਸ਼ਟਾਚਾਰ ਖ਼ਿਲਾਫ਼ ਦੇਸ਼ ‘ਚ ਮੰਗਲਵਾਰ ਤੋਂ ਸਰਕਾਰ ਵਿਰੋਧੀ ਮੁਜ਼ਾਹਰੇ ਸ਼ੁਰੂ ਹੋਏ ਸਨ। ਇਸ ਕਾਰਨ ਬਗਦਾਦ ਸਮੇਤ ਕਈ ਇਲਾਕਿਆਂ ‘ਚ ਕਰਫਿਊ ਲਗਾਇਆ ਗਿਆ ਸੀ। ਮੁੱਖ ਤੌਰ ‘ਤੇ ਸ਼ੀਆ ਬਹੁਗਿਣਤੀ ਇਲਾਕਿਆਂ ‘ਚ ਚੱਲ ਰਹੇ ਪ੍ਰਦਰਸ਼ਨਾਂ ‘ਚ ਹੁਣ ਤਕ 93 ਦੀ ਮੌਤ ਹੋ ਚੁੱਕੀ ਹੈ, ਜਿਸ ‘ਚ ਕਈ ਸੁਰੱਖਿਆ ਮੁਲਾਜ਼ਮ ਵੀ ਸ਼ਾਮਲ ਹਨ। ਕਰੀਬ ਚਾਰ ਹਜ਼ਾਰ ਲੋਕ ਜ਼ਖ਼ਮੀ ਹੋਏ ਹਨ। ਮੁਜ਼ਾਹਰਾਕਾਰੀਆਂ ‘ਚ ਜ਼ਿਆਦਾਤਰ ਨੌਜਵਾਨ ਹਨ। ਇਨ੍ਹਾਂ ਮੁਜ਼ਾਹਰਿਆਂ ਕਾਰਨ ਪ੍ਰਧਾਨ ਮੰਤਰੀ ਆਦੇਲ ਅਬਦੇਲ ਮੇਹਦੀ ਦੀ ਇਕ ਸਾਲ ਪੁਰਾਣੀ ਸਰਕਾਰ ਸਾਹਮਣੇ ਚੁਣੌਤੀ ਖੜ੍ਹੀ ਹੋ ਗਈ ਹੈ। ਮੁਜ਼ਾਹਰਾਕਾਰੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
ਜ਼ਿਆਦਾਤਰ ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਪਾਰਟੀ ਜਾਂ ਸਮੂਹ ਨਾਲ ਸਬੰਧ ਨਹੀਂ ਹੈ। ਇਕ ਮੁਜ਼ਾਹਰਾਕਾਰੀ ਨੇ ਕਿਹਾ, ‘ਉਨ੍ਹਾਂ ਨੂੰ ਕਿਸੇ ਪਾਰਟੀ ਦੀ ਜ਼ਰੂਰਤ ਨਹੀਂ ਹੈ। ਉਹ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਵੱਲੋਂ ਬੋਲੇ। ਜਦੋਂ ਤਕ ਦੇਸ਼ ‘ਚ ਬਦਲਾਅ ਨਹੀਂ ਹੁੰਦਾ ਮੁਜ਼ਾਹਰੇ ਜਾਰੀ ਰਹਿਣਗੇ।’ ਸਿੰਗਾਪੁਰ ਯੂਨੀਵਰਸਿਟੀ ‘ਚ ਪੱਛਮੀ ਏਸ਼ੀਆ ਦੇ ਮਾਮਲਿਆਂ ਦੇ ਮਾਹਿਰ ਫਨਾਰ ਹੱਦਾਦ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਜਨਤਾ ਸਿੱਧੇ ਸਰਕਾਰ ਡੇਗਣ ਦੀ ਮੰਗ ਕਰ ਰਹੀ ਹੈ।