ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਸੈਨਾ ਮੁਖੀ ਜਨਰਲ ਬਿਪਿਨ ਰਾਵਤ ’ਤੇ ਤਿੱਖਾ ਹਮਲਾ ਬੋਲਿਆ ਤੇ ਉਨ੍ਹਾਂ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਨੂੰ ਕਿਹਾ। ਜਨਰਲ ਰਾਵਤ ਨੇ ਹਾਲ ਹੀ ’ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਹਿੰਸਕ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੀ ਆਲੋਚਨਾ ਕੀਤੀ ਸੀ। ਸਾਬਕਾ ਕੇਂਦਰੀ ਮੰਤਰੀ ਚਿਦੰਬਰਮ ਸੀਏਏ ਖ਼ਿਲਾਫ਼ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇੱਥੇ ਰਾਜ ਭਵਨ ’ਚ ਕੀਤੀ ਗਈ ਮਹਾਰੈਲੀ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਸੈਨਾ ਮੁਖੀ ਤੇ ਉੱਤਰ ਪ੍ਰਦੇਸ਼ ਦੇ ਡੀਜੀਪੀ ਨੂੰ ਸਰਕਾਰ ਦੀ ਹਮਾਇਤ ਕਰਨ ਲਈ ਕਿਹਾ ਗਿਆ ਹੈ ਅਤੇ ਇਹ ਸ਼ਰਮ ਦੀ ਗੱਲ ਹੈ। ਚਿਦੰਬਰਮ ਨੇ ਕਿਹਾ, ‘ਹੁਣ ਫੌਜ ਮੁਖੀ ਨੂੰ ਬੋਲਣ ਲਈ ਕਿਹਾ ਜਾ ਰਿਹਾ ਹੈ। ਕੀ ਇਹ ਫੌਜ ਮੁਖੀ ਦਾ ਕੰਮ ਹੈ?’ ਉਨ੍ਹਾਂ ਕਿਹਾ, ‘ਪੁਲੀਸ ਦੇ ਡਾਇਰੈਕਟਰ ਜਨਰਲ ਤੇ ਫੌਜ ਦੇ ਜਨਰਲ ਨੂੰ ਸਰਕਾਰ ਦੀ ਹਮਾਇਤ ਕਰਨ ਲਈ ਕਿਹਾ ਜਾ ਰਿਹਾ ਹੈ। ਇਹ ਬੜੀ ਸ਼ਰਮ ਦੀ ਗੱਲ ਹੈ। ਮੈਂ ਜਨਰਲ ਰਾਵਤ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਫੌਜ ਦੀ ਅਗਵਾਈ ਕਰੋ ਤੇ ਆਪਣੇ ਕੰਮ ਨਾਲ ਮਤਲਬ ਰੱਖੋ। ਨੇਤਾਵਾਂ ਨੂੰ ਜੋ ਕਰਨਾ ਹੈ ਉਹ ਕਰਨਗੇ।’ ਚਿਦੰਬਰਮ ਨੇ ਕਿਹਾ, ‘ਇਹ ਫੌਜ ਦਾ ਕੰਮ ਨਹੀਂ ਹੈ ਕਿ ਉਹ ਨੇਤਾਵਾਂ ਨੂੰ ਇਹ ਦੱਸਣ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਜੰਗ ਕਿਵੇਂ ਲੜੀ ਜਾਵੇ ਇਹ ਦੱਸਣਾ ਸਾਡਾ ਕੰਮ ਨਹੀਂ ਹੈ। ਤੁਸੀਂ ਆਪਣੇ ਵਿਚਾਰਾਂ ਅਨੁਸਾਰ ਜੰਗ ਲੜੋ ਅਤੇ ਸਾਨੂੰ ਦੇਸ਼ ਦੀ ਸਿਆਸਤ ਸੰਭਾਲਣ ਦਿਉ।’ ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਸੀਏਏ ਦੇ ਵਿਰੋਧ ’ਚ ਚੱਲ ਰਹੇ ਮੁਜ਼ਾਹਰਿਆਂ ਦਰਮਿਆਨ ਫੌਜ ਮੁਖੀ ਨੇ ਕਿਹਾ ਸੀ ਕਿ ਆਗੂ ਉਹ ਨਹੀਂ ਹੁੰਦੇ ਜੋ ਲੋਕਾਂ ਨੂੰ ਗਲਤ ਦਿਸ਼ਾ ਵੱਲ ਲਿਜਾਣ।
INDIA ਫੌਜ ਮੁਖੀ ਆਪਣੇ ਕੰਮ ਨਾਲ ਕੰਮ ਰੱਖਣ: ਚਿਦੰਬਰਮ