ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਤੇ ਚੀਨ ਵਿਚਾਲੇ ਅੱਜ ਹੋਈ ਕੂਟਨੀਤਕ ਗੱਲਬਾਤ ਦੌਰਾਨ ਦੋਵੇਂ ਮੁਲਕ ਪੂਰਬੀ ਲੱਦਾਖ ਦੇ ਵਿਵਾਦਤ ਇਲਾਕੇ ’ਚੋਂ ਆਪੋ-ਆਪਣੀਆਂ ਫੌਜਾਂ ਪਿੱਛੇ ਹਟਾਉਣ ਲਈ ਰਾਜ਼ੀ ਹੋ ਗਏ ਹਨ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ ਇਹ ਗੱਲਬਾਤ ਆਨਲਾਈਨ ਹੋਈ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਦੋਵੇਂ ਮੁਲਕ ਇਸ ਗੱਲ ’ਤੇ ਵੀ ਸਹਿਮਤ ਹੋਏ ਹਨ ਕਿ ਅਸਲ ਕੰਟਰੋਲ ਰੇਖਾ ’ਤੇ ਫੌਜਾਂ ਦੀ ਜਲਦੀ ਤੇ ਪੂਰੀ ਤਰ੍ਹਾਂ ਵਾਪਸੀ ਦੋਵਾਂ ਮੁਲਕਾਂ ਦੇ ਸਬੰਧਾਂ ਲਈ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਨੇ ਮੰਨਿਆ ਕਿ ਸਰਹੱਦੀ ਇਲਾਕੇ ’ਚ ਅਮਨ ਤੇ ਸਥਿਰਤਾ ਉਨ੍ਹਾਂ ਦੇ ਦੁਵੱਲੇ ਮਜ਼ਬੂਤ ਸਬੰਧਾਂ ਲਈ ਜ਼ਰੂਰੀ ਹੈ।
ਦੋਵਾਂ ਮੁਲਕਾਂ ਵਿਚਾਲੇ ਇਸ ਗੱਲ ’ਤੇ ਵੀ ਸਹਿਮਤੀ ਬਣੀ ਹੈ ਕਿ ਮੀਟਿੰਗ ’ਚ ਸੀਨੀਅਰ ਕਮਾਂਡਰਾਂ ਵਿਚਾਲੇ ਬਣੀ ਸਹਿਮਤੀ ਨੂੰ ਗੰਭੀਰਤਾ ਨਾਲ ਲਾਗੂ ਕਰਨ ਦੀ ਲੋੜ ਹੈ ਅਤੇ ਫੌਜਾਂ ਦੀ ਮੁਕੰਮਲ ਵਾਪਸੀ ਦੀ ਰੂਪਰੇਖਾ ਤੈਅ ਕਰਨ ਲਈ ਜਲਦੀ ਹੀ ਸੀਨੀਅਰ ਕਮਾਂਡਰਾਂ ਦੀ ਮੀਟਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਭਾਰਤ ਤੇ ਚੀਨ ਕੂਟਨੀਤਕ ਤੇ ਫੌਜੀ ਪੱਧਰ ’ਤੇ ਗੱਲਬਾਤ ਜਾਰੀ ਰੱਖਣ ਲਈ ਵੀ ਸਹਿਮਤ ਹੋਏ ਹਨ।