ਅਮਰੀਕਾ: ਭਾਰਤੀ ਕੂਟਨੀਤਕ ਸੰਧੂ ਵੱਲੋਂ ਡਾ. ਫੌਚੀ ਨਾਲ ਮੁਲਾਕਾਤ
ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ’ਚ ਭਾਰਤੀ ਦੇ ਕੂਟਨੀਤਕ ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਦੇ ਉੱਚ ਜਨਤਕ ਸਿਹਤ ਮਾਹਿਰ ਡਾ. ਐਂਥਨੀ ਫੌਚੀ ਨਾਲ ਡਿਜੀਟਲ ਤਰੀਕੇ ਰਾਹੀਂ ਮੁਲਾਕਾਤ ਕਰਦਿਆਂ ਭਾਰਤ ’ਚ ਕਰੋਨਾ ਮਹਾਮਾਰੀ ਦੇ ਸੰਕਟ ਅਤੇ ਲਾਗ ਦੇ ਨਵੇਂ ਸਰੂਪਾਂ (ਸਟਰੇਨ ਤੇ ਵੇਰੀਐਂਟ) ਖ਼ਿਲਾਫ਼ ਟੀਕਿਆਂ ਦੇ ਅਸਰਦਾਰ ਹੋਣ ਸਬੰਧੀ ਚਰਚਾ ਕੀਤੀ। ਉਹ ਅਮਰੀਕਾ ’ਚ ਸਿਹਤ ਸੇਵਾ ਅਤੇ ਆਲਮੀ ਮਹਾਮਾਰੀ ਖ਼ਿਲਾਫ਼ ਕਾਰਵਾਈ ਨਾਲ ਜੁੜੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਉੱਚ ਭਾਰਤੀ ਸਰਕਾਰੀ ਅਧਿਕਾਰੀ ਨੇ ਫੌਚੀ ਨਾਲ ਮੁਲਾਕਾਤ ਕੀਤੀ ਹੈ। ਫੌਚੀ ਆਲਮੀ ਮਹਾਮਾਰੀ ਨਾਲ ਸਬੰਧਤ ਮਾਮਲਿਆਂ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਉੱਚ ਸਲਾਹਕਾਰ ਹਨ।
ਮੀਟਿੰਗ ਦੌਰਾਨ ਫੌਚੀ ਨੇ ਸੰਕਟ ਦੇ ਇਸੇ ਸਮੇਂ ਵਿੱਚ ਭਾਰਤ ਪ੍ਰਤੀ ਇੱਕਜੁਟਤਾ ਅਤੇ ਸਹਿਯੋਗ ਦਾ ਭਰੋੋਸਾ ਦਿੱਤਾ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਐਂਡ ਇਨਫੈਕਸ਼ੀਅਸ ਡਿਸੀਜ਼ਜ਼ ਦੇ ਡਾਇਰੈਕਟਰ ਫੌਚੀ ਨੇ ਖੋਜ ਅਤੇ ਵਿਕਾਸ ਸਣੇ ਵੱਖ-ਵੱਖ ਮਾਮਲਿਆਂ ’ਚ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।
ਸ੍ਰੀ ਸੰਧੂ ਨੇ ਟਵੀਟ ਕੀਤਾ, ‘ਅਸੀਂ ਵਾਇਰਸ ਦੇ ਸਰੂਪਾਂ, ਟੀਕਿਆਂ, ਕਾਰਵਾਈ ਪ੍ਰਣਾਲੀ ਤੇ ਵਿਕਾਸ ਅਤੇ ਖੋਜ ਸਣੇ ਵੱਖ-ਵੱਖ ਖੇਤਰਾਂ ’ਚ ਸਾਂਝੇ ਯਤਨਾਂ ’ਤੇ ਚਰਚਾ ਕੀਤੀ। ਮੈਂ ਇੱਕਜੁਟਤਾ ਪ੍ਰਗਟਾਉਣ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।’ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਗ੍ਰਹਿ ਮੰਤਰੀ ਅਲੈਜਾਂਦਰੋ ਮਯੋਰਕਾਸ ਨਾਲ ਵੀ ਗੱਲਬਾਤ ਕੀਤੀ। ਮਯੋਰਕਾਸ ਨਾਲ ਫੋਨ ’ਤੇ ਗੱਲਬਾਤ ਮਗਰੋਂ ਸੰਧੂ ਨੇ ਟਵੀਟ ਕੀਤਾ ਕਿ ਉਹ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਗਈ ‘ਸਹਿਯੋਗ ਦੀ ਪੇਸ਼ਕਸ਼’ ਦਾ ਸ਼ਲਾਘਾ ਕਰਦੇ ਹਨ। ਦੋ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਰੋਅ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਨੇ ਵੀ ਭਾਰਤ ਨੂੰ ਅਮਰੀਕੀ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly