ਰੋਜਰ ਫੈਡਰਰ ਨੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਦਿਆਂ ਬੀਤੀ ਰਾਤ ਇੱਥੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਏਟੀਪੀ ਫਾਈਨਲਜ਼ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ। ਸਵਿਟਰਜ਼ਲੈਂਡ ਦੇ ਟੈਨਿਸ ਸਟਾਰ ਖਿਡਾਰੀ ਨੇ ਇਸ ਦੇ ਨਾਲ ਹੀ ਸਰਬਿਆਈ ਸਟਾਰ ਤੋਂ ਵਿੰਬਲਡਨ ਵਿੱਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।
ਆਪਣੇ ਪਹਿਲੇ ਮੈਚ ਵਿੱਚ ਡੌਮੀਨਿਕ ਥੀਮ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਝੱਲਣ ਵਾਲੇ ਫੈਡਰਰ ਨੇ ਆਪਣੀ ਸ਼ਾਨਦਾਰ ਲੈਅ ਵਿਖਾਈ ਅਤੇ 6-4, 6-3 ਨਾਲ ਜਿੱਤ ਦਰਜ ਕੀਤੀ। ਜੋੋਕੋਵਿਚ ਦੀ ਇਸ ਹਾਰ ਨਾਲ ਰਾਫੇਲ ਨਡਾਲ ਨੂੰ ਅੱਵਲ ਨੰਬਰ ਤੋਂ ਹਟਾਉਣ ਅਤੇ ਸਾਲ ਦੇ ਅਖ਼ੀਰ ਵਿੱਚ ਸਿਖਰ ’ਤੇ ਕਾਬਜ਼ ਹੋਣ ਦੀ ਸੰਭਾਵਨਾ ਵੀ ਖ਼ਤਮ ਹੋ ਗਈ। ਜੋਕੋਵਿਚ ਖ਼ਿਤਾਬ ਜਿੱਤਣ ’ਤੇ ਹੀ ਨਡਾਲ ਨੂੰ ਨੰਬਰ ਇੱਕ ਦੀ ਬਾਦਸ਼ਾਹਤ ਤੋਂ ਹਟਾ ਸਕਦਾ ਸੀ, ਪਰ ਹੁਣ ਸਪੈਨਿਸ਼ ਖਿਡਾਰੀ ਦਾ ਸਾਲ ਦੇ ਅਖ਼ੀਰ ਵਿੱਚ ਸਿਖ਼ਰ ’ਤੇ ਬਰਕਰਾਰ ਰਹਿਣਾ ਤੈਅ ਹੋ ਗਿਆ ਹੈ।
ਫੈਡਰਰ 17ਵੀਂ ਵਾਰ ਏਟੀਪੀ ਫਾਈਨਲਜ਼ ਵਿੱਚ ਹਿੱਸਾ ਲੈ ਰਿਹਾ ਹੈ। ਉਹ ਸਾਲ ਦੇ ਇਸ ਆਖ਼ਰੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ 16ਵੀਂ ਵਾਰ ਪਹੁੰਚਿਆ ਹੈ। ਉਹ ਬਿਊਰਨ ਬੋਰਗ ਦੇ ਗਰੁੱਪ ਵਿੱਚ ਥੀਮ ਮਗਰੋਂ ਦੂਜੇ ਸਥਾਨ ’ਤੇ ਰਿਹਾ। ਜੋਕੋਵਿਚ ਨੂੰ ਇਸ ਤੋਂ ਪਹਿਲਾਂ ਥੀਮ ਤੋਂ ਹਾਰ ਝੱਲਣੀ ਪਈ ਸੀ। ਬਿਊਰਨ ਬੋਰਗ ਗਰੁੱਪ ਦੇ ਰਸਮੀ ਮੈਚ ਵਿੱਚ ਅੱਠਵਾਂ ਦਰਜਾ ਪ੍ਰਾਪਤ ਮਾਤਿਓ ਬਰੈਤਨੀ ਨੇ ਥੀਮ ਨੂੰ 7-6 (7/3), 6-3 ਨਾਲ ਸ਼ਿਕਸਤ ਦਿੱਤੀ। ਫੈਡਰਰ ਸੈਮੀਫਾਈਨਲ ਵਿੱਚ ਆਂਦਰੇ ਅਗਾਸੀ ਗਰੁੱਪ ਦੇ ਜੇਤੂ ਨਾਲ ਭਿੜੇਗਾ। ਅਗਾਸੀ ਗਰੁੱਪ ਤੋਂ ਸਟੈਫਨੋਸ ਸਿਟਸਿਪਾਸ ਪਹਿਲਾਂ ਹੀ ਸੈਮੀਫਾਈਨਲ ਵਿੱਚ ਥਾਂ ਬਣਾ ਚੁੱਕਿਆ ਹੈ। ਦੂਜੇ ਸਥਾਨ ਲਈ ਨਡਾਲ, ਮੌਜੂਦਾ ਚੈਂਪੀਅਨ ਅਲੈਗਜ਼ੈਂਡਰ ਜੈਵੇਰੇਵ ਅਤੇ ਡੈਨਿਲ ਮੈਦਵੇਦੇਵ ਵਿਚਾਲੇ ਮੁਕਾਬਲਾ ਹੋਵੇਗਾ।
Sports ਫੈਡਰਰ ਨੇ ਜੋਕੋਵਿਚ ਨੂੰ ਹਰਾਇਆ