ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਵੀਰਵਾਰ ਨੂੰ ਠੱਪ ਹੋ ਜਾਣ ਕਾਰਨ ਲੱਖਾਂ ਲੋਕਾਂ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਸਾਹਮਣਾ ਕਰਨਾ ਪਿਆ। ਕੁਝ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਫੇਸਬੁੱਕ ਦੇ ਇਤਿਹਾਸ ’ਚ ਇਹ ਸਭ ਤੋਂ ਵੱਡਾ ਝਟਕਾ ਹੈ। ਫੇਸਬੁੱਕ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਪਹਿਲਾਂ ਉਸ ’ਤੇ ਲੋਕਾਂ ਦੇ ਨਿੱਜੀ ਡੇਟਾ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਾ ਸੀ।
ਫੇਸਬੁੱਕ ਨੂੰ ਖੋਲ੍ਹਣ ’ਚ ਅੜਿੱਕਾ ਬੁੱਧਵਾਰ ਦੁਪਹਿਰ ਤੋਂ ਹੀ ਪੈਣਾ ਸ਼ੁਰੂ ਹੋ ਗਿਆ ਸੀ ਅਤੇ ‘ਡਾਊਨਡਿਟੈਕਟਰ.ਕਾਮ’, ਜੋ ਆਨਲਾਈਨ ਪੇਜਾਂ ਨੂੰ ਖੋਲ੍ਹਣ ’ਚ ਆਉਂਦੀ ਮੁਸ਼ਕਲ ਦਾ ਹੱਲ ਲਭਦੀ ਹੈ, ’ਤੇ ਸ਼ਿਕਾਇਤਾਂ ਦਾ ਹੜ੍ਹ ਆ ਗਿਆ। ਡਾਊਨਡਿਟੈਕਟਰ ਮੈਪ ’ਚ ਦਰਸਾਇਆ ਗਿਆ ਕਿ ਫੇਸਬੁੱਕ ਦੀ ਸੇਵਾ ’ਚ ਆਸਟਰੇਲੀਆ, ਏਸ਼ੀਆ, ਯੂਰੋਪ, ਦੱਖਣੀ ਅਤੇ ਉੱਤਰੀ ਅਮਰੀਕਾ ਦੇ ਹਿੱਸਿਆਂ ’ਚ ਅੜਿੱਕੇ ਪਏ ਹਨ।
ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲਣੀਆਂ ਜਾਰੀ ਸਨ। ਡਾਊਨਡਿਟੈਕਟਰ ’ਤੇ ਜੋਹਾਨਾ ਨਾਮ ਦੇ ਵਿਅਕਤੀ ਨੇ ਲਿਖਿਆ,‘‘ਤੁਹਾਨੂੰ ਸ਼ੀਸ਼ੇ ’ਚ ਆਪਣਾ ਚਿਹਰਾ ਦੇਖਣਾ ਚਾਹੀਦਾ ਹੈ ਅਤੇ ਦੇਖੋ ਕਿ ਇਹ ਕਿਵੇਂ ਦਾ ਲਗਦਾ ਹੈ। ਇੰਜ ਜਾਪੇਗਾ ਜਿਵੇਂ ਫੇਸਬੁੱਕ ਤੋਂ ਬਿਨਾਂ ਦੁਨੀਆਂ ਖ਼ਤਮ ਹੋ ਗਈ ਹੋਵੇ। ਡਿਜੀਟਲ ਦੀ ਬਜਾਏ ਅਸਲ ਜ਼ਿੰਦਗੀ ਦਾ ਸਾਹਮਣਾ ਕਰੋ।’’
ਇਕ ਹੋਰ ਵਿਅਕਤੀ ਨੇ ਲਿਖਿਆ ਕਿ ਫੇਸਬੁੱਕ ਬੰਦ ਹੋਣ ਨਾਲ ਲੋਕ ਇਕ-ਦੂਜੇ ਦੇ ਨੇੜੇ ਆਏ। ਫੇਸਬੁੱਕ ਨੇ ਟਵਿੱਟਰ ’ਤੇ ਬਿਆਨ ਜਾਰੀ ਕਰਕੇ ਕਿਹਾ ਕਿ ਲੋਕਾਂ ਨੂੰ ਆ ਰਹੀ ਮੁਸ਼ਕਲ ਦਾ ਉਨ੍ਹਾਂ ਨੂੰ ਪਤਾ ਹੈ ਅਤੇ ਉਸ ਨੂੰ ਠੀਕ ਕਰਨ ’ਚ ਉਹ ਜੁਟੇ ਹੋਏ ਹਨ।
Technology ਫੇਸਬੁੱਕ ਠੱਪ ਹੋਣ ਕਾਰਨ ਮੱਚੀ ਹਾਹਾਕਾਰ