ਫਿਲਹਾਲ ਗਿਆਨੀ ਗੁਰਬਚਨ ਸਿੰਘ ਤੋਂ ਪੁੱਛਗਿੱਛ ਨਹੀਂ ਕਰੇਗੀ ‘ਸਿੱਟ’

ਬਰਗਾੜੀ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਸਬੰਧੀ ਪੁੱਛਗਿੱਛ ਵਾਸਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬੁਲਾਏ ਜਾਣ ਦਾ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਹਾਲ ਹੀ ਵਿਚ ਇਸ ਸਬੰਧ ਵਿਚ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਾਂਚ ਟੀਮ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉੱਘੇ ਫਿਲਮੀ ਕਲਾਕਾਰ ਅਕਸ਼ੈ ਕੁਮਾਰ ਕੋਲੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋਂ ਪੁੱਛਗਿਛ ਕੀਤੇ ਜਾਣ ਦੀਆਂ ਕਿਆਸਰਾਈਆਂ ਬਾਰੇ ਅੱਜ ਜਾਂਚ ਟੀਮ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਖਿਆ ਕਿ ਜਾਂਚ ਟੀਮ ਵੱਲੋਂ ਫਿਲਹਾਲ ਇਸ ਮਾਮਲੇ ਬਾਰੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋਂ ਪੁੱਛਗਿੱਛ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ। ਜੇਕਰ ਭਵਿੱਖ ਵਿਚ ਇਸ ਕੇਸ ਦੇ ਸਬੰਧ ਵਿਚ ਕਿਸੇ ਥਾਂ ’ਤੇ ਉਨ੍ਹਾਂ ਕੋਲੋਂ ਪੁੱਛਗਿੱਛ ਦੀ ਲੋੜ ਮਹਿਸੂਸ ਹੋਈ ਤਾਂ ਉਨ੍ਹਾਂ ਦੇ ਧਾਰਮਿਕ ਰੁਤਬੇ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਕੋਲੋਂ ਪੂਰੇ ਅਦਬ ਸਤਿਕਾਰ ਨਾਲ ਸਹਿਯੋਗ ਲਿਆ ਜਾਵੇਗਾ। ਹਾਲ ਹੀ ਵਿਚ ਗਿਆਨੀ ਗੁਰਬਚਨ ਸਿੰਘ ਨੇ ਮੀਡੀਆ ਨੂੰ ਆਖਿਆ ਕਿ ਇਸ ਮਾਮਲੇ ਵਿਚ ਉਹ ਪੁੱਛਗਿੱਛ ਵਾਸਤੇ ਕਿਸੇ ਕੋਲ ਨਹੀਂ ਜਾਣਗੇ ਪਰ ਜੇਕਰ ਕੋਈ ਇਸ ਸਬੰਧ ਵਿਚ ਜਾਣਕਾਰੀ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਕੋਲ ਆ ਸਕਦਾ ਹੈ, ਜਿਸ ਨੂੰ ਉਹ ਪੂਰਾ ਸਹਿਯੋਗ ਦੇਣਗੇ। ਦੱਸਣਯੋਗ ਹੈ ਕਿ ਜਦੋਂ 2015 ਵਿਚ ਬਰਗਾੜੀ ਗੋਲੀ ਕਾਂਡ ਵਾਪਰਿਆ ਸੀ, ਉਸ ਵੇਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਨ। ਇਸ ਮਾਮਲੇ ਬਾਰੇ ਅੱਜ ਇਥੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਬਰਗਾੜੀ ਗੋਲੀ ਕਾਂਡ ਮਾਮਲੇ ਦੀ ਪੁੱਛਗਿੱਛ ਬਾਰੇ ਜੇਕਰ ਸਿਟ ਵੱਲੋਂ ਗਿਆਨੀ ਗੁਰਬਚਨ ਸਿੰਘ ਨੂੰ ਸਦਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਉਥੇ ਜਾਣਾ ਚਾਹੀਦਾ ਹੈ।

Previous articleਪਿਓ ਦੀ ਮੱਤ ਨੇ ਪੁੱਤ ਦੀ ਮੱਤ ਦਿੱਤੀ ਮਾਰ
Next articleਵੀਰਭੱਦਰ ਕੇਸ: ਇਕ ਹੋਰ ਜੱਜ ਸੁਣਵਾਈ ਤੋਂ ਲਾਂਭੇ