ਫਿਰੋਜ਼ਪੁਰ – ਪ੍ਰਦੇਸ਼ ਸਰਕਾਰ ਦੇ ਵਿੱਤ ਵਿਭਾਗ ਨੇ ਫਿਰੋਜਪੁਰ ਛਾਉਣੀ ਲਈ ਢਾਈ ਕਰੋੜ (2.50) ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ, ਜਿਸਦੇ ਨਾਲ ਹੀ ਕੈਂਟੋਨਮੈਂਟ ਤਹਿਤ ਆਉਣ ਵਾਲੇ ਇਲਾਕਿਆਂ ਵਿੱਚ ਡਿਵੈਲਪਮੈਂਟ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ। ਇਹ ਵਿਚਾਰ ਫਿਰੋਜਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਂਟੋਨਮੈਂਟ ਲਈ ਸਾਡੇ 9 ਕਰੋੜ ਰੁਪਏ ਦੇ ਫੰਡਜ਼ ਜੁਟਾਏ ਗਏ ਸਨ ਅਤੇ ਹੁਣ ਸਰਕਾਰ ਦੇ ਵੱਲੋਂ ਢਾਈ ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਪੈਸਾ ਕੈਂਟ ਇਲਾਕੇ ਦੀਆਂ ਸੜਕਾਂ ਅਤੇ ਪਾਰਕਾਂ ਉੱਤੇ ਖ਼ਰਚ ਕੀਤਾ ਜਾਵੇਗਾ। ਵਿਧਾਇਕ ਪਿੰਕੀ ਨੇ ਦੱਸਿਆ ਕਿ ਡੀਸੀ ਕੰਪਲੈਕਸ ਦੇ ਸਾਹਮਣੇ ਸਥਿਤ ਕੈਂਟੋਨਮੈਂਟ ਬੋਰਡ ਦੀ ਪਾਰਕ ਨੂੰ ਡਿਵੈਲਪ ਕੀਤਾ ਜਾਵੇਗਾ। ਇੱਥੇ ਬੱਚੀਆਂ ਲਈ ਝੂਲੇ, ਜਿੰਮ ਨਾਲ ਸਬੰਧਤ ਮਸ਼ੀਨਰੀ ਅਤੇ ਸੈਰ ਕਰਨ ਲਈ ਪੈਵਮੈਂਟ ਆਦਿ ਉਸਾਰੀ ਜਾਵੇਗੀ। ਇਹ ਪਾਰਕ ਦੇਖਣ ਲਾਇਕ ਹੋਵੇਗਾ ਅਤੇ ਸ਼ਹਿਰ ਦੀ ਸ਼ਾਨ ਵਿਚ ਚਾਰ ਚੰਨ ਲਗਾਏਗਾ।
ਉਨ੍ਹਾਂ ਕਿਹਾ ਕਿ ਉਹ ਫਿਰੋਜ਼ਪੁਰ ਸ਼ਹਿਰ ਨੂੰ ਪਾਰਕਾਂ ਦੇ ਸ਼ਹਿਰ ਦੇ ਤੌਰ ਉੱਤੇ ਵਿਕਸਿਤ ਕਰਨਾ ਚਾਹੁੰਦੇ ਹਨ, ਜਿਸਦੇ ਤਹਿਤ ਵੱਡੀ ਤਾਦਾਦ ਵਿਚ ਪਾਰਕਾਂ ਦੀ ਉਸਾਰੀ ਦਾ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਚਾਰ ਨਵੇਂ ਪਾਰਕਾਂ ਲਈ 1.60 ਕਰੋੜ ਰੁਪਏ ਸਰਕਾਰ ਦੇ ਵੱਲੋਂ ਮਨਜ਼ੂਰ ਕੀਤੇ ਗਏ ਹਨ। ਵਿਧਾਇਕ ਨੇ ਦੱਸਿਆ ਕਿ ਅੱਜਕੱਲ੍ਹ ਭੱਜ-ਦੌੜ ਭਰੀ ਜ਼ਿੰਦਗੀ ਵਿਚ ਪਾਰਕਾਂ ਦਾ ਸਾਡੀ ਜ਼ਿੰਦਗੀ ਵਿਚ ਇੱਕ ਅਹਿਮ ਸਥਾਨ ਹੈ।
ਜੇਕਰ ਲੋਕ ਸਵੇਰੇ ਸ਼ਾਮ ਸੈਰ ਕਰਨ ਦੀ ਆਦਤ ਪਾ ਲੈਣ ਤਾਂ ਨਾ ਸਿਰਫ਼ ਉਹ ਤੰਦਰੁਸਤ ਰਹਿਣਗੇ ਬਲਕਿ ਕੁਦਰਤ ਦੇ ਨਜ਼ਦੀਕ ਹੋਣ ਦਾ ਵੀ ਆਨੰਦ ਮਾਨ ਸਕਣਗੇ। ਵਿਧਾਇਕ ਪਿੰਕੀ ਨੇ ਡੀਸੀ ਕੰਪਲੈਕਸ ਦੇ ਸਾਹਮਣੇ ਸਥਿਤ ਕੈਂਟੋਨਮੈਂਟ ਬੋਰਡ ਦੀ ਖ਼ਾਲੀ ਗਰਾਊਂਡ ਦਾ ਦੌਰਾ ਵੀ ਕੀਤਾ, ਜਿੱਥੇ ਪਾਰਕ ਡਿਵੈਲਪ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਟ ਇਲਾਕੇ ਲਈ ਇਹ ਫੰਡਜ਼ ਪੰਜਾਬ ਮਿਊਂਸੀਪਲ ਫੰਡਜ਼ ਏਕਟ ਦੇ ਤਹਿਤ ਜਾਰੀ ਕੀਤੇ ਗਏ ਹਨ ਅਤੇ ਜ਼ਰੂਰਤ ਪੈਣ ਉੱਤੇ ਹੋਰ ਵੀ ਫੰਡਜ਼ ਜਾਰੀ ਕਰਵਾਏ ਜਾਣਗੇ। ਇਸ ਮੌਕੇ ਰਿੰਕੂ ਗਰੋਵਰ, ਸਮੀਰ ਮਿੱਤਲ, ਬਲਵੀਰ ਬਾਠ, ਸੁਖਵਿੰਦਰ ਅਟਾਰੀ, ਰਿਸ਼ੀ ਸ਼ਰਮਾ, ਅਵਤਾਰ ਸਿੰਘ, ਕੁਲਬੀਰ ਸਿੰਘ, ਪ੍ਰਗਟ ਸਿੰਘ, ਪਰਮਿੰਦਰ ਹਾਂਡਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜ਼ੂਦ ਸਨ।
INDIA ਫਿਰੋਜ਼ਪੁਰ ਕੈਂਟ ਲਈ ਸਰਕਾਰ ਨੇ ਜਾਰੀ ਕੀਤੇ ਢਾਈ ਕਰੋੜ ਰੁਪਏ