ਲੁਸਾਨੇ: ਭਾਰਤੀ ਗ੍ਰੈਂਡਮਾਸਟਰ ਦ੍ਰੋਣਾਵੱਲੀ ਹਰਿਕਾ ਨੇ ਪੰਜਵੇਂ ਗੇੜ ਵਿੱਚ ਰੂਸ ਦੀ ਅਲੈਕਜ਼ੈਂਡਰਾ ਗੋਰਿਆਚਕਿਨਾ ਖ਼ਿਲਾਫ਼ ਡਰਾਅ ਖੇਡ ਕੇ ਐੱਫਆਈਡੀਈ (ਫਿਡੇ) ਮਹਿਲਾ ਗ੍ਰਾਂ ਪ੍ਰੀ ਸ਼ਤਰੰਜ ਟੂਰਨਾਮੈਂਟ ਵਿੱਚ ਆਪਣੀ ਸੰਯੁਕਤ ਲੀਡ ਬਰਕਰਾਰ ਰੱਖੀ ਹੈ। ਹਰਿਕਾ ਅਤੇ ਰੂਸੀ ਖਿਡਾਰਨ 31 ਚਾਲਾਂ ਮਗਰੋਂ ਹੀ ਮੈਚ ਡਰਾਅ ਕਰਵਾਉਣ ਲਈ ਸਹਿਮਤ ਹੋ ਗਈਆਂ। ਵਿਸ਼ਵ ਦਰਜਾਬੰਦੀ ਵਿੱਚ ਨੌਵੇਂ ਨੰਬਰ ਦੀ ਭਾਰਤੀ ਖਿਡਾਰਨ ਨੇ ਕਿਸੇ ਤਰ੍ਹਾਂ ਦਾ ਜੋਖਮ ਲੈਣ ਦੀ ਥਾਂ ਅੰਕ ਵੰਡਾਉਣ ਵਿੱਚ ਭਲਾਈ ਸਮਝੀ। ਹਰਿਕਾ ਦੇ ਹੁਣ 3.5 ਅੰਕ ਹਨ ਅਤੇ ਉਹ ਗੋਰਿਆਚਕਿਨਾ ਨਾਲ ਸਾਂਝੇ ਤੌਰ ’ਤੇ ਸਿਖਰ ’ਤੇ ਹੈ। ਹਰਿਕਾ 12 ਖਿਡਾਰਨਾਂ ਵਿਚਾਲੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਅਗਲੇ ਗੇੜ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਅਲੈਕਜੈਂਡਰਾ ਕੋਸਤਾਨਿਯੁਕ ਨਾਲ ਭਿੜੇਗੀ।