ਪੀਐੱਸਏ ਹਟਾਇਆ; ਵੱਖ ਵੱਖ ਸਿਆਸੀ ਆਗੂਆਂ ਵੱਲੋਂ ਰਿਹਾਈ ਦਾ ਸਵਾਗਤ
ਸ੍ਰੀਨਗਰ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਦੇ ਪੰਜ ਵਾਰ ਮੈਂਬਰ ਰਹੇ ਫਾਰੂਕ ਅਬਦੁੱਲਾ (82) ਖ਼ਿਲਾਫ਼ ਪ੍ਰਸ਼ਾਸਨ ਨੇ ਅੱਜ ਜਨ ਸੁਰੱਖਿਆ ਐਕਟ (ਪੀਐੱਸਏ) ਹਟਾ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗ੍ਰਹਿ ਸਕੱਤਰ ਸ਼ਾਲੀਨ ਕਾਬਰਾ ਵੱਲੋਂ ਜਾਰੀ ਹੁਕਮ ਮੁਤਾਬਕ ਸ੍ਰੀਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਫਾਰੂਕ ਅਬਦੁੱਲਾ ਖ਼ਿਲਾਫ਼ ਪਿਛਲੇ ਸਾਲ 15 ਸਤੰਬਰ ਅਤੇ ਬਾਅਦ ’ਚ 13 ਦਸੰਬਰ ਨੂੰ ਤਿੰਨ ਹੋਰ ਮਹੀਨਿਆਂ ਲਈ ਲਗਾਏ ਗਏ ਪੀਐੱਸਏ ਨੂੰ ਰੱਦ ਕੀਤਾ ਜਾਂਦਾ ਹੈ। ਇਸ ਹਫ਼ਤੇ ਦੇ ਸ਼ੁਰੂ ’ਚ ਉਨ੍ਹਾਂ ਦੀ ਅੱਖ ਦਾ ਅਪਰੇਸ਼ਨ ਹੋਇਆ ਸੀ ਅਤੇ ਘਰ ’ਚ ਬੰਦ ਫਾਰੂਕ ਨੂੰ ਸੱਤ ਮਹੀਨਿਆਂ ਮਗਰੋਂ ਰਿਹਾਈ ਮਿਲੀ ਹੈ। ਕੇਂਦਰ ਵੱਲੋਂ ਪਿਛਲੇ ਸਾਲ 5 ਅਗਸਤ ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਸ੍ਰੀ ਅਬਦੁੱਲਾ ਨੂੰ ਇਹਤਿਆਤ ਵਜੋਂ ਬੰਦੀ ਬਣਾਇਆ ਗਿਆ ਸੀ। ਉਹ ਪਹਿਲੇ ਮੁੱਖ ਮੰਤਰੀ ਸਨ ਜਿਨ੍ਹਾਂ ਖਿਲਾਫ਼ ਪੀਐੱਸਏ ਲਾਗੂ ਕੀਤਾ ਗਿਆ ਸੀ।
ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਫਾਰੂਕ ਅਬਦੁੱਲਾ ਖ਼ਿਲਾਫ਼ ਪੀਐੱਸਏ 15 ਸਤੰਬਰ ਨੂੰ ਉਸ ਸਮੇਂ ਲਾਗੂ ਕੀਤਾ ਸੀ ਜਦੋਂ ਐੱਮਡੀਐੱਮਕੇ ਆਗੂ ਵਾਇਕੋ ਵੱਲੋਂ ਦਾਖ਼ਲ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨੀ ਸੀ। ਵਾਇਕੋ ਨੇ ਦਾਅਵਾ ਕੀਤਾ ਸੀ ਕਿ ਸ੍ਰੀ ਅਬਦੁੱਲਾ ਨੂੰ ਗ਼ੈਰਕਾਨੂੰਨੀ ਹਿਰਾਸਤ ’ਚ ਰੱਖਿਆ ਗਿਆ ਹੈ। ਨੈਸ਼ਨਲ ਕਾਨਫਰੰਸ ਦੇ ਪੈਟਰਨ ਨੂੰ ਰਿਹਾਅ ਕਰਨ ਦਾ ਫ਼ੈਸਲਾ ਉਸ ਸਮੇਂ ਆਇਆ ਹੈ ਜਦੋਂ ਸ਼ੁੱਕਰਵਾਰ ਅੱਧੀ ਰਾਤ ਨੂੰ ਉਨ੍ਹਾਂ ਦੇ ਤਿੰਨ ਮਹੀਨਿਆਂ ਦੀ ਮਿਆਦ ਖ਼ਤਮ ਹੋ ਜਾਣੀ ਸੀ। ਜ਼ਿਲ੍ਹਾ ਮੈਜਿਸਟਰੇਟ ਸ਼ਾਹਿਦ ਇਕਬਾਲ ਚੌਧਰੀ ਨੇ ਫਾਰੂਕ ਅਬਦੁੱਲਾ ਨੂੰ ਘਰ ਜਾ ਕੇ ਰਿਹਾਈ ਦੇ ਹੁਕਮ ਸੌਂਪੇ। ਪੀਐੱਸਏ ਹਟਾਉਣ ਮਗਰੋਂ ਫਾਰੂਕ ਅਬਦੁੱਲਾ ਦੀ ਰਿਹਾਈ ਦਾ ਸਿਆਸੀ ਆਗੂਆਂ ਨੇ ਸਵਾਗਤ ਕੀਤਾ ਹੈ। ਨੈਸ਼ਨਲ ਕਾਨਫਰੰਸ ਨੇ ਆਪਣੇ ਪੈਟਰਨ ਦੀ ਰਿਹਾਈ ਨੂੰ ਜੰਮੂ ਕਸ਼ਮੀਰ ’ਚ ਸਿਆਸੀ ਅਮਲ ਦੀ ਬਹਾਲੀ ਵੱਲ ਸਹੀ ਕਦਮ ਠਹਿਰਾਇਆ ਹੈ। ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਉਨ੍ਹਾਂ ਦੀ ਰਿਹਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਲੋਕ ਸਭਾ ਦੇ ਮੂਹਰਲੇ ਬੈਂਚਾਂ ’ਤੇ ਨਜ਼ਰ ਆਉਣਗੇ ਜਿਥੋਂ ਉਹ ਸੂਬੇ ਦੀਆਂ ਸਮੱਸਿਆਵਾਂ ਬਾਰੇ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਨਗੇ। ਪੀਡੀਪੀ ਮੁਖੀ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੇ ਸਾਰੇ ਬੰਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਸੀਪੀਐੱਮ ਦੇ ਸੀਨੀਅਰ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਡਾਕਟਰ ਫਾਰੂਕ ਅਬਦੁੱਲਾ ’ਤੇ ਪੀਐੱਸਏ ਲਗਾਉਣਾ ਗ਼ੈਰਕਾਨੂੰਨੀ, ਗ਼ੈਰਜਮਹੂਰੀ ਅਤੇ ਗ਼ੈਰਸੰਵਿਧਾਨਕ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਸ ਜਤਾਈ ਕਿ ਦੋ ਹੋਰ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਵੀ ਛੇਤੀ ਰਿਹਾਅ ਹੋਣਗੇ। ਪੀਪਲਜ਼ ਕਾਨਫਰੰਸ ਨੇ ਵੀ ਉਨ੍ਹਾਂ ਦੀ ਰਿਹਾਈ ਦਾ ਸਵਾਗਤ ਕੀਤਾ ਹੈ।