ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਅੱਜ ਪਠਾਨਕੋਟ ਪੁੱਜੇ ਅਤੇ ਉਹ ਦੇਸ਼ ਦੇ ਪਹਿਲੇ ਪਰਮਵੀਰ ਚੱਕਰ ਜੇਤੂ ਸ਼ਹੀਦ ਗੁਰਬਚਨ ਸਿੰਘ ਸਲਾਰੀਆ ਦੇ ਭਰਾ ਸੁਖਦੇਵ ਸਿੰਘ ਸਲਾਰੀਆ ਦੇ ਘਰ ਗਏ। ਜਾਣਕਾਰੀ ਅਨੁਸਾਰ ਸੁਖਦੇਵ ਸਲਾਰੀਆ ਅੱਜ-ਕੱਲ੍ਹ ਬਿਮਾਰ ਹਨ। ਇਸ ਮੌਕੇ ਪਰਿਵਾਰਕ ਮੈਂਬਰਾਂ ਵਿਚ ਕਰਨਲ ਸਵਰਨ ਸਿੰਘ, ਭਤੀਜੇ ਮਹੇਸ਼ਵਰ ਸਿੰਘ ਸਲਾਰੀਆ (ਨੇਵੀ) ਤੇ ਕਰਨ ਸਿੰਘ ਸਲਾਰੀਆ (ਸਾਬਕਾ ਸੈਨਿਕ) ਮੌਜੂਦ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਗੁਰਬਚਨ ਸਿੰਘ ਸਲਾਰੀਆ ਨੂੰ ਆਪਣੀ ਗੋਰਖਾ ਰੈਜੀਮੈਂਟ ਨਾਲ ਦੱਖਣੀ ਅਫਰੀਕਾ ਦੀ ਕਾਂਗੋ ਘਾਟੀ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਭੇਜਿਆ ਗਿਆ ਸੀ। ਉਥੇ ਇਨ੍ਹਾਂ ਦੀ ਯੂਨਿਟ ਦਾ ਮੁਕਾਬਲਾ ਦੁਸ਼ਮਣ ਦੀ ਫ਼ੌਜ ਨਾਲ ਹੋ ਗਿਆ ਤੇ ਦੋਹਾਂ ਪਾਸਿਆਂ ਤੋਂ ਹੋਈ ਗੋਲਾਬਾਰੀ ਵਿਚ ਕੈਪਟਨ ਗੁਰਬਚਨ ਸਿੰਘ ਸਲਾਰੀਆ ਨੂੰ ਗੋਲੀ ਲੱਗ ਗਈ ਅਤੇ 5 ਦਸੰਬਰ 1961 ਨੂੰ ਵੀਰਗਤੀ ਪ੍ਰਾਪਤ ਕਰ ਗਏ। ਤਤਕਾਲੀ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਨੇ 26 ਜਨਵਰੀ 1962 ਨੂੰ ਪਰਮਵੀਰ ਚੱਕਰ ਸ਼ਹੀਦ ਦੇ ਮਾਤਾ-ਪਿਤਾ ਨੂੰ ਭੇਟ ਕੀਤਾ ਸੀ। ਪਠਾਨਕੋਟ ਦੇ ਧਰੁਵ ਪਾਰਕ ਵਿੱਚ ਸ਼ਹੀਦ ਦੀ ਯਾਦ ਵਿਚ ਬੁੱਤ ਲੱਗਾ ਹੋਇਆ ਹੈ ਅਤੇ ਉਸ ਦੇ ਜੱਦੀ ਪਿੰਡ ਜੰਗਲ ਵਿੱਚ ਸਰਕਾਰੀ ਸਕੂਲ ਦਾ ਨਾਂ ਵੀ ਸ਼ਹੀਦ ਦੇ ਨਾਂ ’ਤੇ ਰੱਖਿਆ ਗਿਆ ਹੈ।
ਜਨਰਲ ਰਾਵਤ ਦਾ ਅੱਜ ਪਹਿਲਾ ਪ੍ਰੋਗਰਾਮ ਧਰੁਵ ਪਾਰਕ ਵਿਚ ਸ਼ਹੀਦ ਨੂੰ ਸਲਾਮੀ ਦੇਣਾ ਸੀ ਅਤੇ ਸਾਬਕਾ ਸੈਨਿਕਾਂ ਦੀ ਰੈਲੀ ਨੂੰ ਝੰਡੀ ਦੇਣਾ ਸੀ ਪਰ ਕੁੱਝ ਕਾਰਨਾਂ ਕਰਕੇ ਇਹ ਪ੍ਰੋਗਰਾਮ ਸੰਭਵ ਨਾ ਹੋ ਸਕਿਆ ਅਤੇ ਜਨਰਲ ਰਾਵਤ ਸ਼ਹੀਦ ਦੇ ਘਰ ਤੱਕ ਹੀ ਸੀਮਤ ਰਹੇ।
INDIA ਫ਼ੌਜ ਮੁਖੀ ਵੱਲੋਂ ਸ਼ਹੀਦ ਸਲਾਰੀਆ ਦੇ ਪਰਿਵਾਰ ਨਾਲ ਮੁਲਾਕਾਤ