ਮੁੰਬਈ (ਸਮਾਜਵੀਕਲੀ) : ਆਸਕਰ ਜੇਤੂ ਸਾਊਂਡ ਡਿਜ਼ਾਈਨਰ ਰਸੂਲ ਪੁਕੂੱਟੀ ਵਲੋਂ ਫੌਜੀ ਜਵਾਨ ਹਰਭਜਨ ਸਿੰਘ ਨਾਲ ਜੁੜੀਆਂ ਕਹਾਣੀਆਂ ’ਤੇ ਆਧਾਰਿਤ ਫਿਲਮ ਰਾਹੀਂ ਨਿਰਮਾਣ ਦੀ ਦੁਨੀਆ ਵਿੱਚ ਕਦਮ ਰੱਖਿਆ ਜਾ ਰਿਹਾ ਹੈ। ਭਾਰਤੀ ਫੌਜ ਵਿੱਚ ਇਸ ਜਵਾਨ ਦੀ ਮੌਤ ਸਬੰਧੀ ਕਥਾਵਾਂ ਬਹੁਤ ਚਰਚਿਤ ਹਨ।
ਹਰਭਜਨ ਸਿੰਘ ਦੀ ਮੌਤ 1968 ਵਿੱਚ 22 ਸਾਲ ਦੀ ਊਮਰ ਵਿੱਚ ਡਿਊਟੀ ਦੌਰਾਨ ਤਿਲਕ ਕੇ ਦਰਿਆ ਵਿੱਚ ਡਿੱਗਣ ਕਾਰਨ ਹੋਈ ਸੀ। ਪੁਕੁੱਟੀ ਨੇ ਦੱਸਿਆ ਕਿ ਜਵਾਨਾਂ ਨਾਲ ਗੱਲਬਾਤ ਦੌਰਾਨ ਊਨ੍ਹਾਂ ਨੂੰ ਸਿੰਘ ਸਬੰਧੀ ਕਹਾਣੀਆਂ ਬਾਰੇ ਪਤਾ ਲੱਗਿਆ। ਜਵਾਨਾਂ ਦਾ ਮੰਨਣਾ ਹੈ ਕਿ ਹਰਭਜਨ ਸਿੰਘ ਊਨ੍ਹਾਂ ਦੇ ਸੁਪਨਿਆਂ ਵਿੱਚ ਆਉਂਦਾ ਹੈ ਅਤੇ ਊਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ। ਇੱਥੋਂ ਤੱਕ ਕਿ ਸਿੱਕਿਮ ਨੇੜੇ ਨੱਥੂ ਲਾ ਪਾਸ ਕੋਲ ਸਿੰਘ ਦੇ ਨਾਂ ’ਤੇ ਮੰਦਰ ਵੀ ਬਣਿਆ ਹੋਇਆ ਹੈ।
ਪੁਕੁੱਟੀ ਨੇ ਦੱਸਿਆ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ-ਚੀਨ ਸਰਹੱਦ ’ਤੇ ਸਿੰਘ ਗਸ਼ਤ ਕਰਦਾ ਰਹਿੰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਜਵਾਨ ਡਿਊਟੀ ਦੌਰਾਨ ਨਾ ਸੌਣ। ਇਸ ਫਿਲਮ ਵਿੱਚ 1968 ਅਤੇ 2020 ਦੇ ਭਾਰਤ ਵਿਚਲੇ ਹਾਲਾਤ ਦਿਖਾਏ ਜਾਣਗੇ, ਜਿਨ੍ਹਾਂ ਵਿੱਚ ਭਾਰਤ-ਚੀਨ ਦੀ ਮੌਜੂਦਾ ਸਥਿਤੀ ਤੋਂ ਇਲਾਵਾ ਕੋਵਿਡ-19 ਦੇ ਪੱਖ ਨੂੰ ਵੀ ਛੋਹਿਆ ਜਾਵੇਗਾ।