ਫ਼ਰੀਦਕੋਟ- ਇਸ ਜ਼ਿਲ੍ਹੇ ਵਿੱਚ 210 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਪ੍ਰਾਜੈਕਟ ਤਿੰਨ ਸਾਲਾਂ ਬਾਅਦ ਵੀ ਸਿਰੇ ਨਹੀਂ ਲੱਗਿਆ, ਜਿਸ ਕਰਕੇ ਸ਼ਹਿਰਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਸੀਵਰੇਜ ਪ੍ਰਾਜੈਕਟ ਕਾਰਨ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਦੀਆਂ ਗਲੀਆਂ ਪੁੱਟੀਆਂ ਹੋਈਆਂ ਹਨ। ਬਾਰਸ਼ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਬਹੁਤੀਆਂ ਸੜਕਾਂ ’ਤੇ ਆਵਾਜਾਈ ਬੰਦ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਜਿਥੇ ਮਾਲਵੇ ਦੇ ਦਸ ਜ਼ਿਲ੍ਹਿਆਂ ਦੇ ਲੋਕਾਂ ਨੂੰ ਐਮਰਜੈਂਸੀ ਮੁੱਢਲੀਆਂ ਸਿਹਤ ਸੇਵਾਵਾ ਦਿੱਤੀਆਂ ਜਾਂਦੀਆਂ ਹਨ, ਨੂੰ ਜਾਂਦੇ ਸਾਰੇ ਰਸਤੇ ਪੁੱਟੇ ਹੋਏ ਹਨ ਅਤੇ ਐਂਬੂਲੈਂਸ ਦੇ ਲੰਘਣ ਲਈ ਵੀ ਰਸਤਾ ਨਹੀਂ। ਪਲੌਂਜੀ ਗਰੁੱਪ ਮੁੰਬਈ ਨੇ ਸੀਵਰੇਜ ਪ੍ਰਾਜੈਕਟ ਨੂੰ 18 ਮਹੀਨਿਆਂ ਵਿੱਚ ਮੁਕੰਮਲ ਕਰਨਾ ਸੀ, ਜਿਸ ਦੀ ਮਿਆਦ 31 ਦਸੰਬਰ ਨੂੰ ਖਤਮ ਹੋ ਚੁੱਕੀ ਹੈ। ਕੰਪਨੀ ਨੇ ਇਹ ਪ੍ਰਾਜੈਕਟ ਪੂਰਾ ਕਰਨ ਲਈ 18 ਮਹੀਨਿਆਂ ਦਾ ਹੋਰ ਸਮਾਂ ਮੰਗਿਆ ਹੈ। ਕੰਪਨੀ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸੀਵਰੇਜ ਦਾ 60 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਪਨੀ ’ਤੇ ਕੰਮ ਵਿੱਚ ਅਣਗਹਿਲੀ ਵਰਤਣ ਅਤੇ ਪ੍ਰਾਜੈਕਟ ਵਿੱਚ ਵਰਤੀ ਜਾ ਰਹੀ ਸਮੱਗਰੀ ਸਹੀ ਨਾ ਹੋਣ ਦੀ ਵੀ ਸ਼ਿਕਾਇਤ ਕੀਤੀ ਹੈ। ਕੰਪਨੀ ’ਤੇ ਕੰਮ ਦੌਰਾਨ ਲਾਪ੍ਰਵਾਹੀ ਵਰਤਣ ਅਤੇ ਪ੍ਰਾਜੈਕਟ ਨੂੰ ਸ਼ਰਤਾਂ ਮੁਤਾਬਕ ਨਾ ਚਲਾਉਣ ਦਾ ਕਸੂਰਵਾਰ ਮੰਨਦਿਆਂ ਪੰਜਾਬ ਸਰਕਾਰ ਕੰਪਨੀ ਨੂੰ ਦਸ ਕਰੋੜ ਰੁਪਏ ਜੁਰਮਾਨਾ ਕਰ ਚੁੱਕੀ ਹੈ। ਕੰਪਨੀ ਨੇ ਜੁਰਮਾਨਾ ਰਾਸ਼ੀ ਵਿੱਚੋਂ ਦੋ ਕਰੋੜ ਰੁਪਏ ਸਰਕਾਰ ਨੂੰ ਭਰ ਵੀ ਚੁੱਕੀ ਹੈ। ਮਾਈਕ੍ਰੋ ਪਲਾਨਿੰਗ ਵਿਭਾਗ ਪੰਜਾਬ ਨੇ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਅੱਜ ਚੰਡੀਗੜ੍ਹ ਤਲਬ ਕੀਤਾ, ਜਿਥੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਜੈਕਟ ਨੂੰ ਨੇਪਰੇ ਚੜਾਉਣ ਲਈ ਹੋਰ ਸਮੇਂ ਦੀ ਲੋੜ ਹੈ। ਇਹ ਪ੍ਰਾਜੈਕਟ ਅਪਰੈਲ 2016 ਵਿੱਚ ਅਕਾਲੀ ਦਲ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਪਰ ਕੈਪਟਨ ਸਰਕਾਰ ਆਉਣ ਤੋਂ ਬਾਅਦ ਇਹ ਪ੍ਰਾਜੈਕਟ ਰੋਕ ਦਿੱਤਾ ਗਿਆ ਸੀ ਅਤੇ ਜੁਲਾਈ 2017 ਵਿੱਚ ਦੁਬਾਰਾ ਸ਼ੁਰੂ ਹੋਇਆ ਸੀ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਪ੍ਰਾਜੈਕਟ ਨੂੰ ਬਿਨਾਂ ਦੇਰੀ ਮੁਕੰਮਲ ਕਰਨ ਲਈ ਯਤਨ ਜਾਰੀ ਹਨ ਅਤੇ ਜਲਦ ਹੀ ਇਹ ਪ੍ਰਾਜੈਕਟ ਮੁਕੰਮਲ ਹੋਣ ਦੀ ਸੰਭਾਵਨਾ ਹੈ।
INDIA ਫ਼ਰੀਦਕੋਟ ’ਚ ਖੁਦਾਈ ਤੋਂ ਹੁਣ ਖੁਦਾਈ ਹੀ ਬਚਾਏ