ਫ਼ਰੀਦਕੋਟ: ਗੁਰਦੁਆਰੇ ਦੀ ਪ੍ਰਧਾਨਗੀ ਲਈ ਕਿਰਪਾਨਾਂ ਚੱਲੀਆਂ, ਦੋ ਜ਼ਖ਼ਮੀ

ਫ਼ਰੀਦਕੋਟ (ਸਮਾਜ ਵੀਕਲੀ) : ਇੱਥੋਂ ਦੀ ਜਰਮਨ ਕਲੋਨੀ ਦੇ ਗੁਰਦੁਆਰੇ ਵਿੱਚ ਅੱਜ ਅੱਸੂ ਦੀ ਸੰਗਰਾਂਦ ਸਬੰਧੀ ਧਾਰਮਿਕ ਸਮਾਗਮ ਦੀ ਸਮਾਪਤੀ ਮਗਰੋਂ ਦੋ ਧੜਿਆਂ ਦਰਮਿਆਨ ਝੜਪ ਹੋ ਗਈ ਤੇ ਇਸ ਮੌਕੇ ਕਿਰਪਾਨਾਂ ਵੀ ਚੱਲੀਆਂ। ਜਾਣਕਾਰੀ ਅਨੁਸਾਰ, ਬੰਸਾ ਸਿੰਘ ਨਾਮ ਦੇ ਵਿਅਕਤੀ ਨੇ ਗੁਰਦੁਆਰੇ ਦਾ ਕਥਿਤ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਗੁਰਦੁਆਰੇ ਦੇ ਮੌਜੂਦਾ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਬੰਸਾ ਸਿੰਘ ਆਪਣੇ ਨਾਲ ਕੁਝ ਵਿਅਕਤੀਆਂ ਨੂੰ ਲੈ ਕੇ ਆਇਆ ਸੀ, ਜਿਸ ਨੇ ਸੰਗਤ ’ਤੇ ਕਥਿਤ ਹਮਲਾ ਕਰ ਦਿੱਤਾ। ਇਸ ਘਟਨਾ ਦੀ ਚਸ਼ਮਦੀਦ ਗੁਰਦੇਵ ਕੌਰ ਨੇ ਕਿਹਾ  ਕਿ ਗੁਰਦੁਆਰਾ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਈ ਲੜਾਈ ਦੌਰਾਨ ਪੱਗਾਂ  ਲੱਥ ਗਈਆਂ।

ਘਟਨਾ ਵਿੱਚ  ਨਰਿੰਦਰ ਸਿੰਘ ਤੇ ਪ੍ਰਭਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਿਟੀ ਪੁਲੀਸ ਫ਼ਰੀਦਕੋਟ ਨੇ ਇਸ ਮਾਮਲੇ ਸਬੰਧੀ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਥਾਣਾ ਸਿਟੀ ਫ਼ਰੀਦਕੋਟ ਦੇ ਐੱਸਐੱਚਓ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਪ੍ਰਭਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਹਰਬੰਸ ਸਿੰਘ, ਠਾਣਾ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਅਮਰਜੋਤ ਸਿੰਘ, ਜੋਗਿੰਦਰ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ ਅਤੇ  ਅਮਰਜੀਤ ਸਿੰਘ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 295, 506, 324, 323, 148, 149 ਤਹਿਤ ਕੇਸ ਦਰਜ ਕੀਤਾ ਗਿਆ ਹੈ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਲ ਸਹੇ ਦੀ ਨੀ , ਪਹੇ ਦੀ ਹੈ.!
Next article‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਚਾਰ ਦਿਨ ਦੇ ਰਿਮਾਂਡ ’ਤੇ ਭੇਜਿਆ