ਜਰਮਨੀ ਦੇ ਪੰਜਵਾਂ ਦਰਜਾ ਪ੍ਰਾਪਤ ਅਲੈਕਜ਼ੈਂਡਰ ਜ਼ੈਵੇਰੇਵ ਨੇ ਅੱਜ ਇੱਥੇ ਫਰੈਂਚ ਓਪਨ ਦੇ ਪਹਿਲੇ ਗੇੜ ਦੇ ਰੋਮਾਂਚਕ ਮੁਕਾਬਲੇ ਵਿੱਚ ਜੌਹਨ ਮਿਲਮੈਨ ਨੂੰ ਸ਼ਿਕਸਤ ਦਿੱਤੀ। 22 ਸਾਲ ਦੇ ਜ਼ੈਵੇਰੇਵ ਨੇ ਪਹਿਲੇ ਦੋ ਸੈੱਟ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਸੀ, ਪਰ ਆਸਟਰੇਲੀਆ ਮਿਲਮੈਨ ਨੇ ਤੀਜਾ ਅਤੇ ਚੌਥਾ ਸੈੱਟ ਆਪਣੇ ਨਾਮ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ ਉਲਟਫੇਰ ਕਰਨ ਤੋਂ ਖੁੰਝ ਗਿਆ। ਜ਼ੈਵੇਰੇਵ ਨੇ ਚਾਰ ਘੰਟੇ 11 ਮਿੰਟ ਤੱਕ ਚੱਲੇ ਇਸ ਮੁਕਾਬਲੇ ਨੂੰ 7-6, 6-3, 2-6, 6-7, 6-3 ਨਾਲ ਜਿੱਤਿਆ। ਜ਼ੈਵੇਰੇਵ ਦੂਜੇ ਗੇੜ ਵਿੱਚ ਸਵੀਡਨ ਦੇ ਕੁਆਲੀਫਾਇਰ ਖਿਡਾਰੀ ਮਿਖ਼ਾਈਲ ਯੇਮਰੇ ਨਾਲ ਭਿੜੇਗਾ। ਅਨੁਭਵੀ ਖਿਡਾਰੀ ਜੇ ਮਾਰਟਿਨ ਡੈਲ ਪੋਤਰੋ ਨੇ ਚਿੱਲੀ ਦੇ ਨਿਕੋਲਸ ਜੈਰੀ ਨੂੰ 3-6, 6-2, 6-1, 6-4 ਨਾਲ ਹਰਾਇਆ। ਪਹਿਲੇ ਗੇੜ ਦੇ ਹੋਰ ਮੁਕਾਬਲਿਆਂ ਵਿੱਚ ਇਟਲੀ ਦੇ ਫੈਬਿਓ ਫੋਗਨਿਨੀ ਨੇ ਹਮਵਤਨ ਐਂਡਰਿਆਸ ਸੈਪੀ ਨੂੰ ਮਾਤ ਦਿੱਤੀ। ਸਪੇਨ ਦੇ ਰੌਬਰਟ ਬਾਤਿਸਤਾ ਅਗੁਤ ਨੇ ਅਮਰੀਕਾ ਦੇ ਸਟੀਵ ਜੌਨਸਨ ਨੂੰ 6-3, 6-4 ਨਾਲ ਹਰਾਇਆ। ਮਹਿਲਾਵਾਂ ਦੇ ਵਰਗ ਵਿੱਚ ਦੋ ਵਾਰ ਦੀ ਗਰੈਂਡ ਸਲੈਮ ਜੇਤੂ ਅਤੇ ਸਾਬਕਾ ਅੱਵਲ ਨੰਬਰ ਖਿਡਾਰਨ ਵਿਕਟੋਰੀਆ ਅਜ਼ਾਰੇਂਕਾ ਨੇ 2017 ਦੀ ਚੈਂਪੀਅਨ ਯੇਲੇਨਾ ਓਸਤਾਪੈਂਕੋ ਨੂੰ 6-4, 7-6 ਨਾਲ ਸ਼ਿਕਸਤ ਦਿੱਤੀ। ਵਿਸ਼ਵ ਰੈਂਕਿੰਗਜ਼ ਵਿੱਚ 43ਵੇਂ ਸਥਾਨ ’ਤੇ ਕਾਬਜ਼ ਅਜ਼ਾਰੇਂਕਾ ਦੂਜੇ ਗੇੜ ਵਿੱਚ ਦੁਨੀਆਂ ਦੀ ਅੱਵਲ ਨੰਬਰ ਜਾਪਾਨੀ ਖਿਡਾਰਨ ਨਾਓਮੀ ਓਸਾਕਾ ਨਾਲ ਭਿੜੇਗੀ।
Sports ਫਰੈਂਚ ਓਪਨ: ਜ਼ੈਵੇਰੇਵ ਸੰਘਰਸ਼ਪੂਰਨ ਜਿੱਤ ਨਾਲ ਦੂਜੇ ਗੇੜ ’ਚ