ਸਮਰਾਲਾ ਰੋਡ ਸਥਿਤ ਹੁਕਮ ਚੰਦ ਐਂਡ ਸੰਨਜ਼ ਫਰਮ ਦੇ ਫਰਨੀਚਰ ਸ਼ੋਅ-ਰੂਮ ‘ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਖੰਨਾ, ਮੰਡੀ ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ, ਸਮਰਾਲਾ ਤੇ ਲੁਧਿਆਣਾ ਦੇ ਫਾਇਰ ਬ੍ਰਿਗੇਡ ਸਟੇਸ਼ਨਾਂ ਦੀਆਂ 14 ਗੱਡੀਆਂ ਦੇਰ ਰਾਤ ਤੱਕ ਅੱਗ ਬੁਝਾਉਣ ‘ਚ ਲੱਗੀਆਂ ਹੋਈਆਂ ਸਨ। ਅੱਗ ਕਾਰਨ ਨੇੜਲੀਆਂ ਕਈ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਨੂੰ ਸੂਦ ਫਰਨੀਚਰ ਹਾਊਸ ‘ਚ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ, ਜੋ ਛੱਤ ‘ਤੇ ਪਏ ਜੈਨਰੇਟਰ ਤੱਕ ਪੁੱਜਣ ਮਗਰੋਂ ਸਾਰੇ ਫਰਨੀਚਰ ਹਾਊਸ ‘ਚ ਫੈਲ ਗਈ। ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਖੰਨਾ ਤੋਂ ਪਹਿਲੀ ਟੀਮ ਆਈ ਜਿਸਨੇ ਅੱਗ ਦੀਆਂ ਲਪਟਾਂ ਦੇਖ ਕੇ ਆਲੇ ਦੁਆਲੇ ਦੇ ਸਟੇਸ਼ਨਾਂ ’ਤੇ ਸੂਚਨਾ ਦਿੱਤੀ।
ਹਾਲਾਤ ਦੇਖਦਿਆਂ ਸਿਟੀ ਥਾਣਾ 1 ਦੇ ਐੱਸਐੱਚਓ ਗੁਰਮੇਲ ਸਿੰਘ ਮੌਕੇ ‘ਤੇ ਪੁੱਜੇ ਅਤੇ ਪੂਰਾ ਰੋਡ ਬੰਦ ਕਰ ਦਿੱਤਾ ਗਿਆ। ਕਈ ਘੰਟਿਆਂ ਮਗਰੋਂ ਵੀ ਅੱਗ ‘ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਿਆ ਸੀ। ਅੱਗ ਦੇ ਨਾਲ ਸ਼ੋਅਰੂਮ ਮਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਫਾਇਰ ਅਫਸਰ ਯਸ਼ਪਾਲ ਗੋਮੀ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਜੇਕਰ ਆਲੇ ਦੁਆਲੇ ਦੇ ਸਟੇਸ਼ਨਾਂ ਤੋਂ ਗੱਡੀਆਂ ਨਾ ਮੰਗਵਾਈਆਂ ਜਾਂਦੀਆਂ ਤਾਂ ਇਸ ਨਾਲ ਹੋਰਨਾਂ ਬਿਲਡਿੰਗਾਂ ਤੱਕ ਵੀ ਅੱਗ ਪਹੁੰਚ ਸਕਦੀ ਸੀ।