(ਸਮਾਜ ਵੀਕਲੀ)
ਮਹਾਰਾਜ !ਹੁਣ ਆਪਾਂ ਕਿਧਰ ਨੂੰ ਚੱਲੇ ਆਂ ? ਨੌਕਰ ਨੇ ਪੁੱਛਿਆ। ਜਹਾਂ ਖ਼ੁਦਾ ਲੇ ਚੱਲੇ ! ਗ਼ਮਾਂ ਦਰਦਾਂ ਤੇ ਡਰਾਂ ਤੋਂ ਉਪਰ ਉੱਠ ਚੁੱਕੇ ਫ਼ਕੀਰ ਨੇ ਜੁਆਬ ਦਿੱਤਾ । ਸਵੇਰ ਦਾ ਮਿੰਨਾ ਮਿੰਨਾ ਪਾਲਾ ਸਰੀਰ ਦੇ ਰੋਮਾਂ ਰਾਹੀਂ ਹੱਡੀਆਂ ਤਕ ਪਹੁੰਚ ਕੇ ਕੰਬਣੀ ਛੇੜ ਰਿਹਾ ਸੀ ਅਜੇ ਲੋਈ ਪਾਟੀ ਨਹੀਂ ਸੀ। ਸਿਆਲ ਦੀਆਂ ਹੱਡ ਚੀਰਵੀਆਂ ਸਰਦੀਆਂ ਕਦੋਂ ਦੀਆਂ ਦਸਤਕ ਦੇ ਕੇ ਜਾਣ ਦੀ ਕਾਹਲ ਵਿੱਚ ਸੀ। ਖੇਤਾਂ ਦਿਆਂ ਕਾਮਿਆਂ ਆਪਣਾ ਪੂਰਾ ਜ਼ੋਰ ਤਾਣ ਲਾਇਆ ਹੋਇਆ ਸੀ । ਸਮਾਂ ਬੀਤਦਾ ਜਾ ਰਿਹਾ ਸੀ,ਰਾਤ ਦੇ ਹਨ੍ਹੇਰੇ ਵਿੱਚ ਬਹੁਤ ਲੰਮਾ ਸਫ਼ਰ ਤੈਅ ਕਰਦੇ ਹੋਏ ਫਕੀਰ ਅਤੇ ਉਸ ਦਾ ਨੌਕਰ ਗੁਜਰਾਤ ਸੂਬੇ ਦੇ ਤਕੀਏ ਪਿੰਡ ਦੀ ਜੂਹ ਵਿੱਚ ਜਾ ਵੜੇ ।ਇਕ ਸੁੰਨਸਾਨ ਰੋਹੀਆਂ ਚ ਮਿੱਟੀ ਦੇ ਇੱਕ ਵੱਡੇ ਸਾਰੇ ਢੇਰ ਤੇ ਕਿਸੇ ਫਕੀਰ ਦੀ ਬਣੀ ਹੋਈ ਛੰਨ (ਛਪਰੀ) ਦਾ ਜਾ ਆਸਰਾ ਲਿਆ। ਰਾਤ ਦੇ ਪਾਲੇ ਅਤੇ ਸਫ਼ਰ ਦੇ ਥੱਕੇ ਹੋਏ ਫਕੀਰ ਤੇ ਉਸਦੇ ਨੌਕਰ ਨੂੰ ਭੁੱਖ ਪਿਅਸ ਨੇ ਆ ਜਕਡ਼ਿਆ ।
ਕੁਟੀਆ ਦਾ ਮਾਲਕ ਫ਼ਕੀਰ ਆਪਣੇ ਨਿਤਨੇਮ ਅਨੁਸਾਰ ਰੱਬ ਦੀ ਬੰਦਗੀ ਚ ਜੁੜਿਆ ਹੋਇਆ ਸੀ ਮੁਸਾਫ਼ਰ ਫਕੀਰ ਦਾ ਨੌਕਰ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਲਈ ਜੰਗਲ ਵਿੱਚ ਚਲੇ ਗਿਆ ਜਦੋਂ ਉਹ ਮੁੜਿਆ ਕਾਫੀ ਸਮਾਂ ਹੋ ਚੁੱਕਾ ਸੀ । ਕੁਟੀਆ ਦਾ ਮਾਲਕ ਫ਼ਕੀਰ ਵੀਂ ਵਾਰ ਆ ਕੇ ਆਹਰੇ ਲੱਗੇ ਮੁਸਾਫ਼ਰ ਫਕੀਰ ਦੀ ਖ਼ਬਰਸਾਰ ਲੈਣ ਤੋਂ ਪਹਿਲਾਂ ਕੁਦਰਤਨ ਆਦਤ ਮੁਤਾਬਕ ਬਿਨਾਂ ਕੋਈ ਗੱਲਬਾਤ ਕੀਤਿਆਂ ਲੱਗਾ ਅੰਦਾਜ਼ੇ ਲਾਉਣ। ਉਸ ਨੇ ਫ਼ਕੀਰ ਦੇ ਪਾਏ ਹੋਏ ਕੱਪੜਿਆਂ ਤੋਂ ਲੈ ਕੇ ਉਸ ਦੇ ਪੈਰਾਂ ਅਤੇ ਮੱਥੇ ਦੀਆਂ ਲਕੀਰਾਂ ਤਕ ਉਸ ਨੂੰ ਚੰਗੀ ਤਰ੍ਹਾਂ ਵਾਚਿਆ ।ਮੁਸਾਫ਼ਰ ਫਕੀਰ ਨੇ ਉੱਥੇ ਬਣੇ ਹੋਏ ਨਿੱਕੇ ਜਿਹੇ ਇਕ ਚੁੱਲ੍ਹੇ ਵਿੱਚ ਕਈ ਕੁਝ ਬਾਲਣ ਆਦਿ ਇਕੱਠਾ ਕਰਕੇ ਤੂੜੀ ਵਾਲੇ ਕੁੱਪ ਦੀ ਤਰ੍ਹਾਂ ਤੁੰਨਿਆ ਹੋਇਆ ਸੀ। ਉਸ ਨੇ ਅੱਗ ਮਚਾਉਣ ਲਈ ਫੂਕ ਮਾਰੀ ਤਾਂ ਸਾਰੀ ਸੁਆਹ ਉੱਡ ਕੇ ਉਸ ਦੇ ਲੰਮੇ ਦਾਹੜੇ ਤੇ ਪੈ ਗਈ ।
ਉਸ ਦਾ ਮੂੰਹ ਸਿਰ ਸੁਆਹ ਨਾਲ ਭਰ ਗਿਆ। ਮਾਲਕ ਫਕੀਰ ਸਭ ਕੁਝ ਵੇਖ ਕੇ ਹੈਰਾਨ ਹੋ ਰਿਹਾ ਸੀ ਕਿ ਕਿਹੋ ਜਿਹਾ ਆਦਮੀ ਹੈ ਜਿਸ ਨੂੰ ਅੱਗ ਵੀ ਮਚਾਉਣੀ ਨਹੀਂ ਆਉਂਦੀ ਇਸ ਨੂੰ ਵੇਖ ਕੇ ਉਹ ਮਨ ਹੀ ਮਨ ਸੋਚਣ ਲੱਗਿਆ ਇਹ ਕੋਈ ਫਕੀਰ ਨਹੀਂ ਇਹ ਤਾਂ ਮੈਨੂੰ ਸੁਭ ਕਰਮੀ ਮਨੁੱਖ ਲੱਗਦਾ। ਭਾਵੇਂ ਕਿ ਇਸ ਦੇ ਪਾਏ ਹੋਏ ਕੱਪੜਿਆਂ ਤੋਂ ਇਹ ਚੱਕਰਵਰਤੀ ਰਾਜਾ ਮਾਲੂਮ ਨਹੀਂ ਹੁੰਦਾ ਪਰ ਇਹ ਕੋਈ ਗ਼ਰੀਬ ਜਾ ਮੰਗਤਾ ਜਾਂ ਫਕੀਰ ਨਹੀਂ ਇਸਦੇ ਕੂਲੇ ਕੂਲੇ ਸਾਫ਼ ਚਿੱਟੇ ਹੱਥ ਦੱਸਦੇ ਨੇ ਕਿ ਇਹ ਤਾਂ ਕੋਈ ਸਹਿਜ਼ਾਦਾ ਹੈ। ਇਸ ਦੇ ਮੱਥੇ ਦੀਆਂ ਲਕੀਰਾਂ ਇਸਦੇ ਭਾਗ ਚ ਰਾਜਭਾਗ ਦਾ ਤੇਜ ਪ੍ਰਤਾਪ ਦੱਸ ਰਹੀਆਂ ਨੇ ।
ਉਸ ਫ਼ਕੀਰ ਦਾ ਅੱਗ ਮਚਾਉਣ ਦਾ ਢੰਗ ਵੀ ਇਹ ਸਾਫ਼ ਬਿਆਨੀ ਕਰ ਰਿਹਾ ਸੀ ਕਿ ਇਸ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਅੱਗ ਮਚਾ ਕੇ ਨਹੀਂ ਵੇਖੀ ਹੋਣੀ । ਵੇਖਣ ਨੂੰ ਤਾਂ ਪ੍ਰਤੀਤ ਹੋ ਰਿਹਾ ਸੀ ਕਿ ਇਸ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਸ਼ਾਹੀ ਪੁਸ਼ਾਕ ਉਤਾਰ ਕੇ ਕਿਸੇ ਗ਼ਰੀਬ ਦੇ ਲੀੜੇ ਪਾਏ ਹੋਣ । ਉਸ ਦੇ ਬੈਠਣ ਦੀ ਮੁਦਰਾ ਤੋਂ ਇਹ ਸਾਫ ਝਲਕ ਰਿਹਾ ਸੀ ਕਿ ਇਸ ਨੇ ਕੁਝ ਸਮਾਂ ਪਹਿਲਾਂ ਹੀ ਚਾਰੇ ਚੱਕਾਂ ਦਾ ਰਾਜਭਾਗ ਤਿਆਗ ਕੇ ਰੂਪ ਬਣਾ ਲਿਆ ਹੋਵੇ । ਉਸ ਦੇ ਚਿਹਰੇ ਦੇ ਪ੍ਰਤਾਪ ਤੋ ਇਹ ਸਾਫ ਦਿਸ ਰਿਹਾ ਸੀ ਕਿ ਇਸ ਨੇ ਹੁਣੇ ਹੁਣੇ ਹੀਰਿਆਂ ਦੇ ਭਰੇ ਹੋਏ ਥਾਲ ਤੇ ਮੋਹਰਾਂ ਦੀਆਂ ਭਰੀਆਂ ਥੈਲੀਆਂ ਵੰਡ ਕੇ , ਇੱਥੇ ਆ ਡੇਰੇ ਲਾਏ ਹੋਣ ।
ਇੰਨੇ ਨੂੰ ਉਸ ਫ਼ਕੀਰ ਦਾ ਨੌਕਰ ਆਇਆ ਉਸ ਨੇ ਆਪਣੇ ਮਾਲਕ ਫ਼ਕੀਰ ਦੀ ਹਾਲਤ ਵੇਖੀ ਤਾਂ ਉਸ ਦੇ ਹੰਝੂ ਨਾ ਰੁਕੇ ਉਹ ਉਸਨੂੰ ਵੇਖ ਕੇ ਰੋਣ ਲੱਗ ਪਿਆ ਹੁਣ ਉਸ ਤੋਂ ਰਿਹਾ ਨਾ ਗਿਆ । ਉਹ ਹਮਦਰਦੀ ਦੇ ਰਲੇਵੇਂ ਭਰੇ ਗੁੱਸੇ ਵਿੱਚ ਆਖਣ ਲੱਗਾ ,,”ਮੈਂ ਤੁਹਾਨੂੰ ਇਸ ਹਾਲਤ ਵਿੱਚ ਵੇਖ ਨਹੀਂ ਸਕਦਾ। ਐਸੀ ਹਾਲਤ ਦਾ ਦੋਸ਼ੀ ਮੈਂ ਸਿਰਫ ਤੁਹਾਨੂੰ ਹੀ ਮੰਨਦਾ ਹਾਂ । ਜੇਕਰ ਤੁਸੀਂ ਆਪਣੇ ਹਮਾਇਤੀਆਂ ਦੀ ਗੱਲ ਸੁਣੀ ਹੁੰਦੀ ਅੱਜ ਤੁਹਾਡੀ ਇਹ ਹਾਲਤ ਨਾ ਹੁੰਦੀ । ਫ਼ਕੀਰਾਂ ਦੀ ਸੰਗਤ ਕਰਦਿਆਂ ਤੁਸੀਂ ਕਦੇ ਵੀ ਹਾਨ ਲਾਭ ਨਹੀ ਵੀਚਾਰਿਆ। ਤੁਸੀਂ ਹਮੇਸ਼ਾਂ ਆਪਣੇ ਮਨ ਦੀ ਕੀਤੀ । ਕ੍ਰਿਪਾ ਕਰਕੇ ਤੁਸੀਂ ਐਸਾ ਕਹਿਰ ਨਾ ਕਰੋ। ਮੈਂ ਵੀ ਤੁਹਾਨੂੰ ਬਹੁਤ ਵਾਰ ਕਹਿ ਕੇ ਸਮਝਾਇਆ ਪਰ ਤੁਸੀਂ ਫ਼ਕੀਰਾਂ ਦੀ ਸੰਗਤ ਕਰਨੋਂ ਨਾ ਹਟੇ ਤੇ ਉਸ ਦਾ ਫਲ ਕੀ ਮਿਲਿਆ ? ਆ ਤੁਸੀਂ ਆਪ ਵੇਖ ਲਓ ! ਤੁਹਾਨੂੰ ਨਹੀਂ ਸਮਝ ਆਈ। ਤੁਸੀਂ ਨਾ ਹਟੇ । ਇਨ੍ਹਾਂ ਜਾਹਲ ਫ਼ਕੀਰਾਂ ਦੀ ਸੰਗਤ ਕਰਨੋਂ। ਜਿਸਦਾ ਸਿੱਟਾ ਆ ਨਿਕਲਿਆ ।
ਜ਼ਾਹਲ ਫਕੀਰਾਂ ਵਾਲੀ ਗੱਲ ਸੁਣ ਕੇ ਉਹ ਫਕੀਰ ਨੇ ਆਪਣੇ ਨੌਕਰ ਨੂੰ ਝਿੜਕਿਆ!! ਤੇ ਕਿਹਾ ਓਏ ਬੇਹਯਾ!! ਬੇਸ਼ਰਮ !! ਮੈਨੂੰ ਸੱਚ ਦਾ ਰਾਹ ਦਿਖਾਉਣ ਵਾਲਿਆਂ ਨੂੰ ਆਪਣੇ ਮੂਰਖਤਾ ਭਰੇ ਮੂੰਹ ਵਿੱਚੋਂ ਜਾਹਿਲ ਦੱਸ ਰਿਹੈ !!! ਖ਼ੁਦਾ ਤੈਨੂੰ ਮੁਆਫ਼ ਕਰੇ। ਉਸ ਫ਼ਕੀਰ ਨੇ ਆਪਣੇ ਹੱਥਾਂ ਵਿੱਚ ਹੀਰੇ ਜਵਾਹਾਤ ਜੜ੍ਤ ਛਾਪ ਵੱਲ ਵੇਖਿਆ । ਆਪਣੇ ਗਲ ਵਿੱਚ ਪਾਈ ਪੁਰਾਣੇ ਕੁੜਤੇ ਅੰਦਰ ਲੁਕੀ ਹੋਈ ਮੋਤੀਆਂ ਦੀ ਮਾਲਾ ਵੱਲ ਵੇਖਿਆ । ਫਕੀਰ ਨੇ ਸੁੱਚੇ ਮੋਤੀਆਂ ਦੀ ਮਾਲਾ ਅਤੇ ਹੱਥਾਂ ਦੀਆਂ ਛਾਪਾਂ ਉਤਾਰ ਕੇ ਉਸ ਨੌਕਰ ਨੂੰ ਦੇ ਦਿੱਤੀਆਂ । ਉਸ ਨੂੰ ਬਾਂਹੋਂ ਫੜਕੇ ਆਪਣੇ ਬੱਧੇ ਹੋਏ ਘੋੜੇ ਨੂੰ ਖੋਲ੍ਹ ਕੇ ਉਸ ਦਾ ਰੱਸਾ ਨੌਕਰ ਹੱਥ ਫੜਾਉਂਦਿਆਂ, ਕਿਹਾ !! ਲੈ ਜਾਹ !! ਖ਼ੁਸ਼ੀਆਂ ਮਾਣ !! ਖ਼ੁਦਾ ਭਲੀ ਕਰੇਗਾ। ਸਾਡੀ ਫਿਕਰ ਮੱਤ ਕਰੀਂ । ਆਪਣੇ ਪਰਿਵਾਰ ਚ ਮਿਲ ਕੇ ਰਹੋ। ਜਾਂ ਚਲੇ ਜਾਹ । ਇੱਥੇ ਮੇਰੇ ਤੋਂ ਵੀ ਤੇਰੀ ਐਸੀ ਹਾਲਤ ਵੇਖੀ ਨਹੀਂ ਜਾਂਦੀ । ਫ਼ਕੀਰ ਦਾ ਬਚਨ ਮੰਨ ਕੇ ਉਸ ਦੇ ਗੁੱਸੇ ਤੋਂ ਡਰਦਾ ਹੋਇਆ ਰੋਂਦਾ ਕੁਰਲਾਉਂਦਾ ਨੌਕਰ ਉਥੋਂ ਚਲੇ ਗਿਆ ।
ਬਾਦਸ਼ਾਹ ਸਲਾਮਤ !!!! ਇਹ ਸ਼ਬਦ ਸੁਣਦਿਆਂ ਹੀ ਉਹ ਫ਼ਕੀਰ ਆਲੇ ਦੁਆਲੇ ਡੌਰ ਭੌਰ ਹੋਇਆ ਬੜਾ ਹੈਰਾਨ ਹੋ ਕੇ ਵੇਖਣ ਲੱਗ ਪਿਆ । ਮਨ ਵਿੱਚ ਗਿਣਤੀਆਂ ਮਿਣਤੀਆਂ ਚੱਲਣ ਲੱਗੀਆਂ ਕਿ ਮੇਰੇ ਅਤੇ ਫ਼ਕੀਰ ਦੇ ਇਲਾਵਾ ਇੱਥੇ ਹੋਰ ਕੌਣ ਹੈ ??ਕੁਟੀਆ ਦੇ ਮਾਲਕ ਫ਼ਕੀਰ ਨੇ ਨੇੜੇ ਹੁੰਦਿਆਂ ਫਿਰ ਕਿਹਾ ਬਾਦਸ਼ਾਹ ਸਲਾਮਤ!! ਖ਼ੁਦਾ ਦੀ ਮਿਹਰ ਪ੍ਰਾਪਤ ਕਰਨ ਵਾਲੇ ਸਾਡੇ ਨਵਾਬ ਸਾਹਿਬ,, ਤੁਹਾਡੀ ਬਾਦਸ਼ਾਹੀ ਅਟੱਲ ਰਹੇ ।।।। ਅਣਜਾਣ ਬਣਦਿਆਂ ।।। ਮੁਸਾਫ਼ਰ ਫਕੀਰ ਨੇ ਮਾਲਕ ਫ਼ਕੀਰ ਨੂੰ ਕਿਹਾ ਕਿ ਇੱਥੇ ਕੌਣ ਬਾਦਸ਼ਾਹ ਹੈ ,, ਜਿਸਨੂੰ ਤੁਸੀਂ ਸਲਾਮ ਫਰਮਾ ਰਹੇ ਓ ਫ਼ਕੀਰ ਜੀ?? ਅਸੀ ਤੁਹਾਨੂੰ ਪਹਿਚਾਣ ਲਿਆ ਹੈ ਨਵਾਬ ਸਾਹਿਬ !!ਮਾਲਕ ਫ਼ਕੀਰ ਨੇ ਹੱਥ ਜੋੜਦਿਆਂ ਕਿਹਾ ।
ਕੀ ਪਹਿਚਾਣ ਕੀਤੀ ਹੈ ਫ਼ਕੀਰ ਜੀ । ਮੁਸਾਫ਼ਰ ਫਕੀਰ ਨੇ ਹੱਥ ਜੋੜ ਕੇ ਪੁੱਛਣਾ ਚਾਹਿਆ ।।
ਜੋ ਤੁਸੀਂ ਹੋ !!! ਬਾਦਸ਼ਾਹ ਸਲਾਮਤ !! ਸਭ ਕੁਝ ਪਹਿਚਾਣ ਗਿਆ ਹਾਂ। ਬਾਦਸ਼ਾਹ ਸਲਾਮਤ ਸ਼ਾਹ ਜਹਾਨ ਦੇ ਵਲੀਅਹਿਦ ਤੇ ਵੱਡੇ ਸਾਹਿਜ਼ਾਦੇ ਪੀਰਾ ਫਕੀਰਾ ਨੂੰ ਅਦਬ ਦੇਣ ਵਾਲੇ ਦਾਰਾ ਸਕੋਹ ਜੀ !!! ਗੁਜਰਾਤ ਦੇ ਸੂਬੇਦਾਰ ਹੋਣ ਸਮੇਂ ਮੈਂ ਤੁਹਾਨੂੰ ਵੇਖਿਆ ਸੀ ਬਾਦਸ਼ਾਹੋ ਇਹ ਤੁਸਾਂ ਕੈਸੀ ਹਾਲਤ ਬਣਾ ਰੱਖੀ ਹੈ? ਹਾਲ ਚਾਲ ਦੀਆਂ ਵਿਚਾਰਾਂ ਤੋਂ ਬਾਅਦ ਰੱਬ ਦੀਆਂ ਗੱਲਾਂ ਹੋਣ ਲੱਗ ਪਈਆਂ ।।
ਰਾਤ ਜਾਂਦਿਆਂ ਹੀ ਪਹੁ ਫੁਟਾਲੇ ਤੋ ਪਹਿਲਾ ਹੀ ਸ਼ਾਹੀ ਫੌਜਾਂ ਫ਼ਕੀਰ ਦੀ ਕੁਟੀਆ ਵਿੱਚ ਪਹੁੰਚੀਆਂ । ਮੁਸਾਫ਼ਰ ਫਕੀਰ ਦਾਰਾ ਸ਼ਿਕੋਹ ਨੂੰ ਹੱਥਕੜੀਆਂ ਲਾ ਕੇ ਗ੍ਰਿਫ਼ਤਾਰ ਕਰਕੇ ਹਾਥੀ ਤੇ ਬਹਾ ਕੇ ਦਿੱਲੀ ਵੱਲ ਨੂੰ ਲੈ ਚੱਲੀਆਂ ।।
ਮੰਗਤ ਸਿੰਘ ਲੌਂਗੋਵਾਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly