(ਸਮਾਜ ਵੀਕਲੀ)
ਗਰਮੀ ਦਾ ਮਹੀਨਾ ਸੀ।ਮੈਂ ਬੱਸ ਅੱਡੇ ਖਡ਼੍ਹੀ ਮੇਰੇ ਪਿੰਡ ਵਾਲੀ ਬੱਸ ਉਡੀਕ ਰਹੀ ਸੀ।ਇੱਕ ਛੋਟੀ ਜਿਹੀ ਭਿਖਾਰਨ ਲੜਕੀ ਉਥੇ ਖੇਡ ਰਹੀ ਸੀ।ਉਹ ਇੱਕ ਖੰਭੇ ਦੁਆਲੇ ਘੁੰਮ ਰਹੀ ਸੀ ਕਿ ਅਚਾਨਕ ਉਸ ਖੰਭੇ ਦਾ ਟੁੱਟਿਆ ਲੋਹਾ ਉਸ ਦੇ ਹੱਥ ਵਿੱਚ ਵੱਜਾ।
ਉਹ ਉੱਚੀ ਉੱਚੀ ਰੋਣ ਲੱਗੀ ਖ਼ੂਨ ਵੀ ਬਹੁਤ ਨਿਕਲ ਰਿਹਾ ਸੀ ਲੋਕ ਆਪਸ ਚ ਗੱਲਾਂ ਕਰ ਰਹੇ ਸੀ,” ਇਨ੍ਹਾਂ ਦਾ ਤਾਂ ਕੰਮ ਹੀ ਹੈ, ਛੋਟੀ ਜਿਹੀ ਗੱਲ ਤੇ ਇੰਨਾ ਸ਼ੋਰ ਕਰਨਾ”,ਪਰ ਮੈਨੂੰ ਪਤਾ ਉਸਦੇ ਸੱਟ ਛੋਟੀ ਨਹੀਂ ਸੀ। ਮੈਂ ਉਸ ਕੋਲ ਗਈ। ਉਸ ਨੂੰ ਪਾਣੀ ਪਿਲਾਇਆ।ਉਹ ਬਹੁਤ ਡਰੀ ਹੋਈ ਸੀ। ਉਸ ਦੇ ਹੱਥ ਵਿਚੋਂ ਖੂਨ ਰੁਕ ਨਹੀਂ ਸੀ ਰਿਹਾ।ਮੈਂ ਉੱਥੇ ਮੈਡੀਕਲ ਦੀ ਦੁਕਾਨ ਬਾਰੇ ਵੀ ਨਹੀਂ ਜਾਣਦੀ ਸੀ।
ਮੈਂ ਪੁੱਛਿਆ ਤਾਂ ਸਭ ਕਹਿਣ ਲੱਗੇ,”ਛੱਡੋ ਬੇਟੀ! ਇਨ੍ਹਾਂ ਦਾ ਤਾਂ ਨਿੱਤ ਦਾ ਹੀ ਹੈ ਕਦੇ ਕੁਝ ਤੇ ਕਦੇ ਕੁਝ।ਅੱਜ ਮਦਦ ਕਰੋਗੇ ਤਾਂ ਕੱਲ੍ਹ ਸਿਰ ਚੜ੍ਹਨਗੇ।” ਮੈਂ ਉਨ੍ਹਾਂ ਨੂੰ ਕਿਹਾ,”ਠੀਕ ਐ! ਤੁਸੀਂ ਨਹੀਂ ਮੱਦਦ ਕਰਨੀ ਤਾਂ ਨਾ ਕਰੋ,ਪਰ ਤੁਸੀਂ ਹੋਰਾਂ ਦੀ ਇਨਸਾਨੀਅਤ ਤਾਂ ਨਾ ਮਾਰੋ।”
ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਉਹ ਸਾਰੇ ਪੱਥਰ ਦਿਲ ਜਾਪਣ ਲੱਗੇ।ਇਨੇ ਨੂੰ ਇਕ ਆਂਟੀ ਆਏ ਤੇ ਮੈਨੂੰ ਕਹਿਣ ਲੱਗੇ,”ਬੇਟਾ! ਮੈਂ ਦੱਸਦੀ ਹਾਂ ਮੈਡੀਕਲ ਦੀ ਦੁਕਾਨ ਕਿੱਥੇ ਹੈ।”
ਅਸੀਂ ਬਿਨਾਂ ਸਮਾਂ ਗਵਾਏ ਉਥੋਂ ਚਲੇ ਗਏ।ਜਦੋਂ ਡਾਕਟਰ ਉਸ ਦੇ ਹੱਥ ਤੇ ਪੱਟੀ ਕਰ ਰਹੇ ਸੀ ਤਾਂ ਮੈਂ ਸੋਚ ਰਹੀ ਸੀ ਕਿ ਲੋਕਾਂ ਅੰਦਰ ਇਨਸਾਨੀਅਤ ਮਰ ਕੇ ਪੱਥਰ ਦਿਲ ਵਿੱਚ ਤਬਦੀਲ ਹੋ ਗਈ ਹੈ।ਜਿਨ੍ਹਾਂ ਨੂੰ ਕਿਸੇ ਦੂਸਰੇ ਤਕ ਕੋਈ ਵੀ ਹਮਦਰਦੀ ਨਹੀਂ ਹੈ,ਸਿਰਫ਼ ਆਪਣੇ ਆਪ ਤਕ ਸੀਮਤ ਹਨ।
ਇੰਨੇ ਨੂੰ ਉਸ ਲੜਕੀ ਦੀ ਮਾਂ ਉਥੇ ਆ ਗਈ।ਡਾਕਟਰ ਨੇ ਦੱਸਿਆ ਕਿ ਥੋੜ੍ਹੇ ਦਿਨਾਂ ਤੱਕ ਉਸਦਾ ਹੱਥ ਠੀਕ ਹੋ ਜਾਵੇਗਾ।ਉਸ ਦੀ ਮਾਂ ਨੇ ਮੈਨੂੰ ਬਹੁਤ ਦੁਆਵਾਂ ਦਿੱਤੀਆਂ ਤੇ ਮੇਰੇ ਨਾਲ ਆਉਣ ਵਾਲੀ ਆਂਟੀ ਦਾ ਵੀ ਧੰਨਵਾਦ ਕੀਤਾ।ਫਿਰ ਉਹ ਲੜਕੀ ਆਪਣੀ ਮਾਂ ਨਾਲ ਉੱਥੋਂ ਚਲੀ ਗਈ ਅਤੇ ਮੇਰੇ ਵੱਲ ਇਸ ਤਰ੍ਹਾਂ ਦੇਖ ਰਹੀ ਸੀ ਜਿਵੇਂ ਉਨ੍ਹਾਂ ਪੱਥਰ ਦਿਲਾਂ ਨੂੰ ਤੋੜ ਕੇ ਮਦਦ ਕਰਨ ਲਈ ਧੰਨਵਾਦ ਕਰ ਰਹੀ ਹੋਵੇ।