ਲੰਡਨ (ਸਮਾਜ ਵੀਕਲੀ- ਹਰਜਿੰਦਰ ਛਾਬੜਾ) – ਵਰਲਡ ਸਿੱਖ ਪਾਰਲੀਮੈਂਟ ਦੀ ਮੀਡੀਆ ਕੌਂਸਲ ਰੋਜ਼ਾਨਾ ਪਹਿਰੇਦਾਰ ਨਾਲ ਜੁੜੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਪੁਲਿਸ ਵੱਲੋਂ ਕੁੱਟ-ਮਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਇੱਕ ਲਿਖਤੀ ਬਿਆਨ ਵਿੱਚ ਕੌਂਸਲ ਨੇ ਕਿਹਾ ਹੈ ਕਿ “ਪੱਤਰਕਾਰੀ ਦੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਸਵਾਲ ਪੁੱਛਣ ਕਰਕੇ ਪੁਲਿਸ ਵੱਲੋਂ ਅੰਮ੍ਰਿਤਧਾਰੀ ਸ. ਮੇਜਰ ਸਿੰਘ ਦੀ ਕੁੱਟਮਾਰ ਦੇ ਨਾਲ ਕਕਾਰਾਂ ਦੀ ਬੇਅਦਬੀ ਵੀ ਕੀਤੀ ਹੈ ਜਿਸ ਤੋਂ ਪੰਜਾਬ ਪੁਲਿਸ ਦਾ ਤਾਨਾਸ਼ਾਹੀ ਖਾਸਾ ਸਾਡੇ ਸਾਹਮਣੇ ਆਉਂਦਾ ਹੈ, ਜਿਸ ਖਿਲਾਫ ਅਵਾਜ਼ ਉਠਾਉਣੀ ਬਹੁਤ ਜ਼ਰੂਰੀ ਹੈ”।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ “ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਆੜ ਵਿੱਚ ਸਰਕਾਰਾਂ ਵੱਲੋਂ ਜਿਸ ਤਰ੍ਹਾਂ ਸਖਤ ਕਾਨੂੰਨ ਬਣਾ ਕੇ ਆਮ ਜਨਤਾ ਦੀ ਅਵਾਜ਼ ਦਬਾਈ ਜਾ ਰਹੀ ਹੈ ਤੇ ਸਰਕਾਰ ਵਿਰੋਧੀ ਅਵਾਜ਼ ਨੂੰ ਦਵਾਇਆ ਜਾ ਰਿਹਾ ਹੈ, ਪੱਤਰਕਾਰ ਮੇਜਰ ਸਿੰਘ ਉੱਤੇ ਪੁਲਿਸ ਵੱਲੋਂ ਕੀਤਾ ਗਿਆ ਹਮਲਾ ਇਸ ਦੀ ਸਾਖਸ਼ਾਤ ਸ਼ਾਹਦੀ ਭਰਦਾ ਹੈ”।
“ਇਤਿਹਾਸ ਗਵਾਹੀ ਦਿੰਦਾ ਹੈ ਕਿ ਪਿਛਲੇ ਸਮਿਆਂ ਵਿੱਚ ਜਦੋਂ ਪ੍ਰੈਸ ਅਜ਼ਾਦ ਨਹੀਂ ਸੀ ਤੇ ਬਿਲਕੁਲ ਅਵਾਜ਼ ਬੁਲੰਦ ਨਹੀਂ ਸੀ ਕਰ ਸਕਦੀ ਤਾਂ ਪੰਜਾਬ ਪੁਲਿਸ ਨੇ ਸਰਕਾਰੀ ਸ਼ਹਿ ਤੇ ਕਿਸ ਤਰ੍ਹਾਂ ਹੱਕ ਸੱਚ ਦੀ ਅਵਾਜ਼ ਦਬਾਉਣ ਲਈ ਗੈਰ ਕਾਨੂੰਨੀ ਕਾਰੇ ਕੀਤੇ ਤੇ ਅਣਮਨੁੱਖੀ ਤਸ਼ੱਦਦ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ। ਪਰ ਅੱਜ ਦੇ ਸਮੇਂ ਵਿੱਚ ਸ਼ਰੇਆਮ ਦਿਨ ਦਿਹਾੜੇ ਕੈਮਰੇ ਦੀ ਅੱਖ ਸਾਹਮਣੇ ਜਿਸ ਤਰ੍ਹਾਂ ਪੁਲਿਸ ਵੱਲੋਂ ਆਮ ਕਰਕੇ ਜਨਤਾ ਨਾਲ ਤੇ ਖਾਸ ਕਰਕੇ ਪੱਤਰਕਾਰਾਂ ਨਾਲ ਕੀਤਾ ਜਾ ਰਿਹਾ ਹੈ, ਇਸ ਨਾਲ ਪੁਲਿਸ ਦੀ ਹੈਂਕੜਬਾਜ਼ੀ ਅਤੇ ਅਣਮਨੁੱਖੀ ਚਿਹਰਾ ਪੂਰੀ ਤਰ੍ਹਾਂ ਉਜਾਗਰ ਹੋ ਜਾਂਦਾ ਹੈ। ਮੇਜਰ ਸਿੰਘ ਤੋਂ ਪਹਿਲਾਂ ਵੀ ਭਾਈ ਭੁਪਿੰਦਰ ਸਿੰਘ ਸੱਜਣ ਨੂੰ ਪੁਲਿਸ ਦੇ ਤਸ਼ੱਦਦ ਨੂੰ ਸਾਹਮਣੇ ਲਿਆਉਣ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਹੋਰ ਪੱਤਰਕਾਰ ਵੀ ਪਿਛਲੇ ਦਿਨੀਂ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਹਨ”।
ਬਿਆਨ ਵਿਚ ਹੋਰ ਇਹ ਕਿਹਾ ਗਿਆ ਹੈ ਇਕ “ਵਰਲਡ ਸਿੱਖ ਪਾਰਲੀਮੈਂਟ ਦਾ ਮੰਨਣਾ ਹੈ ਕਿ ਜੇ ਅੱਜ ਸਰਕਾਰਾਂ ਦੇ ਅਣਮਨੁੱਖੀ ਤੇ ਗੈਰ ਕਾਨੂੰਨੀ ਵਤੀਰੇ ਨੂੰ ਠੱਲ੍ਹ ਨਾ ਪਾਈ ਗਈ ਤਾਂ ਇਹੋ ਜਿਹੇ ਜ਼ੁਲਮਾਂ ਦੀ ਗਿਣਤੀ ਵਧਦੀ ਹੀ ਜਾਵੇਗੀ ਇਸ ਲਈ ਇਨਸਾਫ ਪਸੰਦ ਸਿੱਖਾਂ ਨੂੰ ਇਸ ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਹੈ। ਵਰਲਡ ਸਿੱਖ ਪਾਰਲੀਮੈਂਟ ਆਪਣੇ ਪਲੇਟਫਾਰਮ ਤੋਂ ਇਸ ਮਸਲੇ ਨੂੰ ਪੂਰੀ ਦੁਨੀਆ ਵਿੱਚ ਉਠਾਏਗੀ”।
“ਮੌਜੂਦਾ ਸਮੇਂ ਦੀ ਸਰਕਾਰਾਂ ਕੋਰੋਨਾ ਵਾਇਰਸ ਮਹਾਂਮਾਰੀ ਦਾ ਸਹਾਰਾ ਲੈ ਕੇ ਲੋਕ ਲਾਮਬੰਦੀ ਨੂੰ ਰੋਕ ਰਹੀਆ ਹਨ ਤੇ ਇਸ ਦਾ ਨਤੀਜਾ ਹੀ ਹੈ ਕਿ ਸਰਕਾਰਾਂ ਖੁਲੇਆਮ ਤਸ਼ੱਦਦ ਕਰ ਰਹੀਆਂ ਹਨ ਤੇ ਉਹਨਾਂ ਵਿੱਚੋਂ ਲੋਕਾਈ ਦੇ ਵਿਰੋਧ ਦਾ ਡਰ ਖਤਮ ਹੋ ਰਿਹਾ ਹੈ। ਸਰਕਾਰਾਂ ਨੂੰ ਲੋਕਾਂ ਦੀ ਅਵਾਜ਼ ਦਾ ਡਰ ਪਾਉਣਾ ਹੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਤੇ ਸਾਨੂੰ ਸਭ ਨੂੰ ਮਿਲ ਕੇ ਇਸ ਪਾਸੇ ਕਦਮ ਉਠਾਉਣੇ ਚਾਹੀਦੇ ਹਨ”, ਬਿਆਨ ਵਿਚ ਕਿਹਾ ਹੈ।
“ਵਰਲਡ ਸਿੱਖ ਪਾਰਲੀਮੈਂਟ ਹੱਕ ਤੇ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੀ ਪੱਤਰਕਾਰੀ ਨਾਲ ਸਦਾ ਖੜ੍ਹੀ ਹੈ ਤੇ ਪੱਤਰਕਾਰਾਂ ਵੱਲੋਂ ਸਰਕਾਰਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਨ ਦੀ ਜਿੰਮੇਵਾਰੀ ਨਿਭਾਉਣ ਤੋਂ ਰੋਕਣ ਵਾਲੀਆਂ ਤਾਕਤਾਂ ਖਿਲਾਫ ਲੜਾਈ ਲੜਨ ਲਈ ਵਚਨਬੱਧ ਹੈ”।