ਇੰਡੀਅਨ ਜਰਨਲਿਸਟ ਯੂਨੀਅਨ ਦੀ 9ਵੀਂ ਦੋ ਦਿਨਾ ਕਨਵੈਨਸ਼ਨ, ਜੋ ਪੰਜਾਬ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਇਥੇ ਹੋ ਰਹੀ ਹੈ, ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੱਤਰਕਾਰਾਂ ’ਤੇ ਹੋ ਰਹੇ ਹਮਲੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹਨ ਅਤੇ ਇਸ ਨੂੰ ਰੋਕਣ ਲਈ ਕੌਮੀ ਪੱਧਰ ’ਤੇ ਸੁਰੱਖਿਆ ਐਕਟ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਇਸ ਨੂੰ ਆਜ਼ਾਦ ਲਿਖਣ ਤੇ ਬੋਲਣ ਦੀ ਖੁੱਲ੍ਹ ਸੰਵਿਧਾਨ ਨੇ ਦਿੱਤੀ ਹੈ ਪਰ ਮੌਜੂਦਾ ਹੁਕਮਰਾਨਾਂ ਵੱਲੋਂ ਇਸ ਨੂੰ ਵਲਗਣਾਂ ਵਿਚ ਬੰਨ੍ਹਣ ਦਾ ਯਤਨ ਕੀਤਾ ਜਾ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪ੍ਰੈੱਸ ਰਾਜਸੀ ਲੋਕਾਂ ਨੂੰ ਜਵਾਬਦੇਹ ਬਣਾਉਂਦੀ ਹੈ ਅਤੇ ਭ੍ਰਿਸ਼ਟ ਤੇ ਅਪਰਾਧੀ ਬਿਰਤੀ ਦੇ ਲੋਕਾਂ ਲਈ ਡਰ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪੱਧਰ ’ਤੇ ਪੱਤਰਕਾਰਾਂ ਨੂੰ ਡਰਾਉਣਾ-ਧਮਕਾਉਣਾ ਕਾਇਰਤਾ ਤੋਂ ਵੱਧ ਕੁਝ ਵੀ ਨਹੀਂ ਹੈ। ਸੀਬੀਆਈ ’ਚ ਚੱਲ ਰਹੇ ਘਮਸਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਕ ’ਚ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਦੇਸ਼ ਦੀ ਪੜਤਾਲ ਕਰਨ ਵਾਲੀ ਵੱਡੀ ਏਜੰਸੀ ਸੀਬੀਆਈ ਦੀ ਖ਼ੁਦ ਪੜਤਾਲ ਹੋ ਰਹੀ ਹੈ। ‘ਇਸ ਦਾ ਮਤਲਬ ਇਹ ਨਹੀਂ ਕਿ ਆਪਾਂ ਸਾਰੇ ਇਹ ਚੁੱਪ ਕਰਕੇ ਵੇਖਦੇ ਰਹੀਏ, ਪ੍ਰੈੱਸ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਚਾਹੇ ਇਸ ਲਈ ਕਿੰਨੀ ਵੀ ਵੱਡੀ ਕੁਰਬਾਨੀ ਕਿਉਂ ਨਾ ਕਰਨੀ ਪਵੇ।’ ਸ੍ਰੀ ਸਿੱਧੂ ਨੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੂੰ ਆਪਣੇ ਅਖ਼ਤਿਆਰੀ ਫੰਡ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਨਾਲ ਹੀ ਦੇਸ਼ ਦੀ ਆਜ਼ਾਦੀ ਕਾਇਮ ਰਹਿ ਸਕਦੀ ਹੈ। ਸਿੱਖਿਆ ਅਤੇ ਵਾਤਾਵਰਣ ਮੰਤਰੀ ਓ ਪੀ ਸੋਨੀ ਵੀ ਸਮਾਗਮ ਦੌਰਾਨ ਹਾਜ਼ਰ ਸਨ ਪਰ ਜ਼ਰੂਰੀ ਰੁਝੇਵੇਂ ਹੋਣ ਕਾਰਨ ਉਹ ਸ਼ਮਾਂ ਰੌਸ਼ਨ ਕਰਨ ਮਗਰੋਂ ਉਥੋਂ ਚਲੇ ਗਏ। ਇਸ ਮੌਕੇ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਐਸ ਐਨ ਸਿਨਹਾ, ਫਾਊਂਡਰ ਪ੍ਰਧਾਨ ਸ੍ਰੀਨਿਵਾਸ ਰੈੱਡੀ, ਉਪ ਪ੍ਰਧਾਨ ਸ਼ਰੀਨਾ ਇੰਦਰਜੀਤ, ਸਕੱਤਰ ਜਨਰਲ ਅਮਰ ਦੱਤ, ਕੌਮੀ ਸਕੱਤਰ ਬਲਵਿੰਦਰ ਜੰਮੂ ਆਦਿ ਨੇ ਵੀ ਸੰਬੋਧਨ ਕੀਤਾ।
INDIA ਪੱਤਰਕਾਰਾਂ ਦੀ ਸੁਰੱਖਿਆ ਲਈ ਕੌਮੀ ਐਕਟ ਬਣਾਉਣ ਦੀ ਵਕਾਲਤ