ਕੋਲਕਾਤਾ (ਸਮਾਜ ਵੀਕਲੀ): ਪੱਛਮੀ ਬੰਗਾਲ ’ਚ ਹਾਕਮ ਪਾਰਟੀ ਤ੍ਰਿਣਾਮੂਲ ਕਾਂਗਰਸ ਨੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ’ਚ ਆਪਣੇ ਵਿਰੋਧੀਆਂ ਨੂੰ ਰਿਕਾਰਡ ਫਰਕ ਨਾਲ ਹਰਾਉਂਦਿਆਂ 4-0 ਨਾਲ ਜਿੱਤ ਦਰਜ ਕੀਤੀ ਜਦਕਿ ਤਿੰਨ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਪੱਛਮੀ ਬੰਗਾਲ ਦੀ 294 ਮੈਂਬਰੀ ਵਿਧਾਨ ਸਭਾ ’ਚ ਟੀਐੱਮਸੀ ਨੇ ਕੂਚਬਿਹਾਰ ਤੇ ਨਾਡੀਆ ਜ਼ਿਲ੍ਹਿਆਂ ’ਚ ਕ੍ਰਮਵਾਰ ਦਿਨਹਾਟਾ ਤੇ ਸ਼ਾਂਤੀਪੁਰ ਸੀਟ ਤੋਂ ਭਾਜਪਾ ਨੂੰ ਵੱਡੇ ਫਰਕ ਨਾਲ ਹਰਾਇਆ। ਹੁਣ ਵਿਧਾਨ ਸਭਾ ’ਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ 77 ਤੋਂ ਘਟ ਕੇ 75 ਹੋ ਗਈ ਹੈ।
ਟੀਐੱਮਸੀ ਨੇ ਉੱਤਰੀ 24 ਪਰਗਨਾ ਤੇ ਦੱਖਣੀ 24 ਪਰਗਨਾ ਜ਼ਿਲ੍ਹਿਆਂ ’ਚ ਖਰਦਾਹ ਤੇ ਗੋਸਾਬਾ ਵਿਧਾਨ ਸਭਾ ਸੀਟਾਂ ’ਤੇ ਜਿੱਤ ਦਾ ਵੱਡਾ ਫਰਕ ਕਾਇਮ ਰੱਖਿਆ। ਦੂਜੇ ਪਾਸੇ ਗੋਸਾਬਾ, ਖਰਦਾਹ ਤੇ ਦਿਨਹਾਟਾ ’ਚ ਭਾਜਪਾ ਦੇ ਉਮੀਦਵਾਰ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਦਿਨਹਾਟਾ ਤੋਂ ਉਦਯਨ ਗੁਹਾ, ਗੋਸਾਬਾ ਤੋਂ ਸੁਬ੍ਰਤ ਮੰਡਲ, ਸ਼ਾਂਤੀਪੁਰ ਤੋਂ ਬ੍ਰਜ ਕਿਸ਼ੋਰ ਗੋਸਵਾਮੀ ਅਤੇ ਖਰਦਾਹ ਵਿਧਾਨ ਸਭਾ ਹਲਕੇ ਤੋਂ ਰਾਜ ਦੇ ਮੰਤਰੀ ਸ਼ੋਭਨਦੇਵ ਚਟੋਪਾਧਿਆਏ ਨੇ ਜਿੱਤ ਦਰਜ ਕੀਤੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਟੀਐੱਮਸੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਟਵੀਟ ਕੀਤਾ, ‘ਸਹੀ ਮਾਇਨਿਆਂ ’ਚ ਪਟਾਖਾ ਮੁਕਤ ਦੀਵਾਲੀ। ਭਾਜਪਾ ਦੇ ਲੋਕਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly