ਪੱਛਮੀ ਬੰਗਾਲ ਵਿੱਚ ‘ਥੱਪੜ’ ਅਤੇ ‘ਡੰਡ ਬੈਠਕਾਂ’ ਦੀ ਸਿਆਸਤ

ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਵੱਲੋਂ ਨਰਿੰਦਰ ਮੋਦੀ ਖ਼ਿਲਾਫ਼ ‘ਥੱਪੜ’ ਸਬੰਧੀ ਕੀਤੀ ਟਿੱਪਣੀ ਮਗਰੋਂ ਹੁਣ ਪ੍ਰਧਾਨ ਮੰਤਰੀ ’ਤੇ ਇਕ ਹੋਰ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਹ ਤ੍ਰਿਣਮੂਲ ਦੇ ਉਮੀਦਵਾਰਾਂ ਦਾ ਕੋਲਾ ਮਾਫ਼ੀਆ ਨਾਲ ਜੁੜੇ ਹੋਣ ਦਾ ਸਬੂਤ ਦੇਣ ’ਚ ਨਾਕਾਮ ਰਹੇ ਤਾਂ ਉਨ੍ਹਾਂ ਨੂੰ ‘ਕੰਨ ਫੜ ਕੇ 100 ਡੰਡ ਬੈਠਕਾਂ’ ਮਾਰਨੀਆਂ ਪੈਣਗੀਆਂ।
ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਸੀ ਕਿ ਟੀਐਮਸੀ ਦੇ ਆਗੂ ਗ਼ੈਰਕਾਨੂੰਨੀ ਕੋਲਾ ਖਣਨ ’ਚ ਸ਼ਾਮਲ ਹਨ। ਗੁੱਸੇ ’ਚ ਭਖੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਇਕ ਵੀ ਉਮੀਦਵਾਰ ਅਜਿਹੀ ਕਿਸੇ ਹਰਕਤ ’ਚ ਸ਼ਾਮਲ ਮਿਲਿਆ ਤਾਂ ਉਹ ਸਾਰੀਆਂ 42 ਲੋਕ ਸਭਾ ਸੀਟਾਂ ਤੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਵਾਪਸ ਲੈ ਲਏਗੀ। ਬਾਂਕੁਰਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ,‘‘ਜੇਕਰ ਤੁਸੀਂ (ਮੋਦੀ) ਝੂਠ ਬੋਲਿਆ ਹੈ ਤਾਂ ਤੁਹਾਨੂੰ ਕੰਨ ਫੜ ਕੇ 100 ਡੰਡ ਬੈਠਕਾਂ ਮਾਰਨੀਆਂ ਪੈਣਗੀਆਂ।’’ ਇਸੇ ਲੋਕ ਸਭਾ ਹਲਕੇ ’ਚ ਰੈਲੀ ਦੌਰਾਨ ਸ੍ਰੀ ਮੋਦੀ ਨੇ ਮਮਤਾ ਬੈਨਰਜੀ ਵੱਲੋਂ ‘ਕੱਸ ਕੇ ਥੱਪੜ’ ਮਾਰਨ ਦੇ ਮੁੱਦੇ ਨੂੰ ਉਭਾਰਿਆ। ਉਨ੍ਹਾਂ ਕਿਹਾ,‘‘ਮੈਂ ਸੁਣਿਆ ਕਿ ਮਮਤਾ ਦੀਦੀ ਮੈਨੂੰ ਥੱਪੜ ਮਾਰਨਾ ਚਾਹੁੰਦੀ ਹੈ। ਮੈਂ ਤੁਹਾਨੂੰ ਦੀਦੀ ਆਖਦਾਂ ਹਾਂ ਅਤੇ ਤੁਹਾਡਾ ਥੱਪੜ ਮੇਰੇ ਲਈ ਆਸ਼ੀਰਵਾਦ ਵਾਂਗ ਹੋਵੇਗਾ।’’ ਇਸ ਬਿਆਨ ’ਤੇ ਮਮਤਾ ਬੈਨਰਜੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਲੋਕਤੰਤਰ ਦਾ ਥੱਪੜ ਵੱਜਣ ਬਾਰੇ ਕਿਹਾ ਸੀ। ‘ਮੈਂ ਤੁਹਾਨੂੰ ਕਿਉਂ ਥੱਪੜ ਮਾਰਾਂਗੀ। ਮੈਂ ਅਜਿਹੀ ਇਨਸਾਨ ਨਹੀਂ ਹਾਂ। ਲੋਕਤੰਤਰ ਦੇ ਥੱਪੜ ਤੋਂ ਭਾਵ ਵੋਟਾਂ ਪਾ ਕੇ ਲੋਕਾਂ ਵੱਲੋਂ ਦਿੱਤਾ ਜਾਣ ਵਾਲਾ ਫ਼ਤਵਾ ਹੈ।’’ ਕੋਲਾ ਮਾਫ਼ੀਆ ਦੇ ਲਾਏ ਦੋਸ਼ਾਂ ਬਾਰੇ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਨਾਲ ਸਬੰਧਤ ਲੋਕ ਕੋਲੇ ਦੇ ਗ਼ੈਰਕਾਨੂੰਨੀ ਕਾਰੋਬਾਰ ’ਚ ਲੱਗੇ ਹੋਏ ਹਨ। ਉਨ੍ਹਾਂ ਪੈੱਨ ਡਰਾਈਵ ’ਚ ਕਈ ਰਾਜ਼ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਇਹ ਜਨਤਕ ਕੀਤੇ ਗਏ ਤਾਂ ਪਸ਼ੂਆਂ ਦੀ ਤਸਕਰੀ ਅਤੇ ਕੋਲਾ ਮਾਫ਼ੀਆ ਦਾ ਪਰਦਾਫਾਸ਼ ਹੋ ਜਾਵੇਗਾ।

Previous article‘ਦੀਦੀ ਨੇ ਮੈਨੂੰ ਪ੍ਰਧਾਨ ਮੰਤਰੀ ਨਾ ਮੰਨ ਕੇ ਸੰਵਿਧਾਨ ਦਾ ਨਿਰਾਦਰ ਕੀਤਾ’
Next articleਰਾਹੁਲ ਪੂਰਨ ਰਾਜ ਦਾ ਭਰੋਸਾ ਦੇਣ ਤਾਂ ਸਮਰਥਨ ਕਰਾਂਗੇ: ਕੇਜਰੀਵਾਲ