ਕੋਲਕਾਤਾ (ਸਮਾਜ ਵੀਕਲੀ) : ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਚੋਣਾਂ ਤੋਂ ਬਾਅਦ ਕਈ ਜ਼ਿਲ੍ਹਿਆਂ ’ਚ ਹਿੰਸਾ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਰਾਜ ’ਚ ਕਾਨੂੰਨ ਪ੍ਰਬੰਧ ਦੀ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਪੱਛਮੀ ਬੰਗਾਲ ’ਚ ਸੋਮਵਾਰ ਨੂੰ ਹਿੰਸਾ ’ਚ ਭਾਜਪਾ ਦੇ ਕੁਝ ਕਾਰਕੁਨ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ ਤੇ ਦੁਕਾਨਾਂ ਲੁੱਟੀਆਂ ਗਈਆਂ।
ਕੇਂਦਰ ਨੇ ਸੂਬੇ ’ਚ ਵਿਰੋਧੀ ਪਾਰਟੀ ਦੇ ਕਾਰਕੁਨਾਂ ’ਤੇ ਹਮਲੇ ਦੀਆਂ ਘਟਨਾਵਾਂ ਨੂੰ ਲੈ ਕੇ ਸਰਕਾਰ ਨੂੰ ਰਿਪੋਰਟ ਸੌਂਪਣ ਨੂੰ ਕਿਹਾ ਹੈ। ਧਨਖੜ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨੇ ਫੋਨ ’ਤੇ ਗੱਲਬਾਤ ਕਰਦਿਆਂ ਸੂਬੇ ’ਚ ਕਾਨੂੰਨ ਪ੍ਰਬੰਧ ਦੀ ਹਾਲਤ ’ਤੇ ਦੁੱਖ ਜ਼ਾਹਿਰ ਕੀਤਾ ਹੈ। ਮੈਂ ਪ੍ਰਧਾਨ ਮੰਤਰੀ ਨਾਲ ਹਿੰਸਾ, ਲੁੱਟ, ਅਗਜ਼ਨੀ ਦੀਆਂ ਘਟਨਾਵਾਂ ਤੇ ਹੱਤਿਆਵਾਂ ’ਤੇ ਚਿੰਤਾ ਸਾਂਝੀ ਕੀਤੀ।’ ਅਧਿਕਾਰੀਆਂ ਨੇ ਦੱਸਿਆ ਕਿ ਵਰਧਮਾਨ ਜ਼ਿਲ੍ਹੇ ’ਚ ਐਤਵਾਰ ਤੇ ਸੋਮਵਾਰ ਨੂੰ ਟੀਐੱਮਸੀ ਤੇ ਭਾਜਪਾ ਦੇ ਸਮਰਥਕਾਂ ਵਿਚਾਲੇ ਕਥਿਤ ਝੜਪ ’ਚ ਚਾਰ ਮੌਤਾਂ ਹੋ ਗਈਆਂ। ਟੀਐੱਮਸੀ ਨੇ ਦਾਅਵਾ ਕੀਤਾ ਕਿ ਮਾਰੇ ਗਏ ਲੋਕਾਂ ’ਚ ਤਿੰਨ ਉਸਦੇ ਹਮਾਇਤੀ ਸਨ।
ਰਾਜਪਾਲ ਨੇ ਟਵੀਟ ਕਰਕੇ ਸਵਾਲ ਕੀਤਾ, ‘ਪੱਛਮੀ ਬੰਗਾਲ ਪੁਲੀਸ ਨੂੰ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਸਿਆਸੀ ਹਿੰਸਾ, ਭੰਨਤੋੜ, ਅਗਜ਼ਨੀ, ਹੱਤਿਆਵਾਂ ਨੂੰ ਰੋਕਣਾ ਚਾਹੀਦਾ ਹੈ। ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ’ਚ ਹੀ ਹਿੰਸਾ ਕਿਉਂ ਹੁੰਦੀ ਹੈ? ਲੋਕੰਤਤਰ ’ਤੇ ਹਮਲਾ ਕਿਉਂ ਹੋ ਰਿਹਾ ਹੈ?’ ਉਨ੍ਹਾਂ ਕਿਹਾ ਕਿ ਡਰਾਉਣੀਆਂ ਖ਼ਬਰਾਂ ਮਿਲ ਰਹੀਆਂ ਹਨ ਤੇ ਡਰ ਕਾਰਨ ਲੋਕ ਜਾਨ ਬਚਾਉਣ ਲਈ ਭੱਜ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly