ਸਾਂਝਾ ਅਧਿਆਪਕ ਮੋਰਚਾ ਵੱਲੋਂ ਇੱਥੇ ਲਾਏ ਪੱਕੇ ਮੋਰਚੇ ’ਚ ਮਰਨ ਵਰਤੀ ਅਧਿਆਪਕਾਂ ਦੀ ਹਾਲਤ ਅੱਜ ਵੀ ਨਾਜ਼ੁਕ ਬਣੀ ਰਹੀ। ਇੱਕ ਅਧਿਆਪਕਾ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਅੱਜ ਮੁੜ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਪੁਲੀਸ ਨੇ ਦੇਰ ਰਾਤ ਅਧਿਆਪਕ ਬਲਵਿੰਦਰ ਸਿੰਘ, ਰਮੇਸ਼ ਕੁਮਾਰ ਤੇ ਜਸਵਿੰਦਰ ਸਿੰਘ ਨੂੰ ਜਬਰੀ ਚੁੱਕ ਕੇ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਦਿੱਤਾ ਹੈ। ਉਧਰ, ਸਾਂਝਾ ਅਧਿਆਪਕ ਮੋਰਚੇ ਦੀ ਕੋਰ ਕਮੇਟੀ ਵੱਲੋਂ ਵੱਖ ਵੱਖ ਮੁਲਾਜ਼ਮ, ਕਿਸਾਨ ਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ 21 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਥਾਨਕ ਰਿਹਾਇਸ਼ ‘ਨਿਊ ਮੋਤੀ ਮਹਿਲ’ ਦੇ ਘਿਰਾਓ ਦੇ ਪ੍ਰੋਗਰਾਮ ਨੂੰ ਅੱਜ ਅੰਤਿਮ ਰੂਪ-ਰੇਖਾ ਦਿੱਤੀ ਗਈ, ਜਿਸ ਤਹਿਤ ਪਹਿਲਾਂ ਸਵੇਰੇ ਪੁੱਡਾ ਗਰਾਊਂਡ ਵਿਚ ਮਹਾਂ ਰੈਲੀ ਹੋਵੇਗੀ। ਸਾਂਝੇ ਅਧਿਆਪਕ ਮੋਰਚੇ ਵੱਲੋਂ ਲਾਏ ਪੱਕੇ ਮੋਰਚੇ ਤਹਿਤ ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਚੌਕ ਕੋਲ ਗਿਆਰਾਂ ਪੁਰਸ਼ ਤੇ ਪੰਜ ਮਹਿਲਾ ਅਧਿਆਪਕ ਮਰਨ ਵਰਤ ’ਤੇ ਬੈਠੇ ਹੋਏ ਹਨ। ਭਾਵੇਂ ਸਾਰੇ ਮਰਨ ਵਰਤੀਆਂ ਦੀ ਹਾਲਤ ਖ਼ਰਾਬ ਹੈ, ਪਰ ਅਧਿਆਪਕਾ ਪ੍ਰਦੀਪ ਵਰਮਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਪ੍ਰਸ਼ਾਸਨ ਦੀ ਟੀਮ ਉਸ ਨੂੰ ਦੁਪਹਿਰ ਵੇਲੇ ਰਾਜਿੰਦਰਾ ਹਸਪਤਾਲ ਲੈ ਗਈ। ਉਧਰ, ਸਾਂਝੇ ਅਧਿਆਪਕ ਮੋਰਚੇ ਦੀ ਕੋਰ ਕਮੇਟੀ ਦੀ ਬੈਠਕ ਦੌਰਾਨ ਭਲਕੇ ਮੋਤੀ ਮਹਿਲ ਦੇ ਘਿਰਾਓ ਦੇ ਪ੍ਰੋਗਰਾਮ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਮੋਰਚੇ ਦੇ ਸੂਬਾ ਕਨਵੀਨਰ ਦਵਿੰਦਰ ਪੂਨੀਆ, ਸੁਖਵਿੰਦਰ ਚਾਹਲ ਤੇ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਡਾ. ਅੰਮ੍ਰਿਤਪਾਲ ਸਿੱਧੂ, ਦੀਦਾਰ ਸਿੰਘ ਮੁੱਦਕੀ, ਗੁਰਜਿੰਦਰਪਾਲ ਸਿੰਘ ਤੇ ਜਗਮੀਤ ਸਿੰਘ ਨੇ ਸੰਘਰਸ਼ ਮਘਾਉਣ ਦਾ ਸੱਦਾ ਦਿੱਤਾ। ਇਸ ਮੌਕੇ ਇਕੱਤਰ ਅਧਿਆਪਕਾਂ ਨੇ ਅੰਮ੍ਰਿਤਸਰ ਰੇਲ ਹਾਦਸੇ ਵਿਚ ਮਾਰੇ ਲੋਕਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ।