ਨਵੀਂ ਦਿੱਲੀ (ਸਮਾਜ ਵੀਕਲੀ): ਰਾਜਾਂ ਨੂੰ ਦਰਪੇਸ਼ ਵੈਕਸੀਨ ਦੀ ਕਿੱਲਤ ਦਰਮਿਆਨ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਅਗਸਤ ਤੋਂ ਦਸੰਬਰ ਦੇ ਪੰਜ ਮਹੀਨਿਆਂ ਦੇ ਅਰਸੇ ਦੌਰਾਨ ਦੋ ਅਰਬ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜ਼ੋ ਸ਼ਾਇਦ ਪੂਰੀ ਆਬਾਦੀ ਦੇ ਟੀਕਾਕਰਨ ਲਈ ਕਾਫ਼ੀ ਹੋਵੇਗੀ। ਸਰਕਾਰ ਨੇ ਕਿਹਾ ਕਿ ਰੂਸ ਵੱਲੋਂ ਨਿਰਮਤ ਵੈਕਸੀਨ ‘ਸਪੂਤਨਿਕ ਵੀ’ ਦੇ ਵੀ ਅਗਲੇ ਹਫ਼ਤੇ ਤੱਕ ਉਪਲਬਧ ਹੋਣ ਦੇ ਪੂਰੇ ਆਸਾਰ ਹਨ।
ਨੀਤੀ ਆਯੋਗ ਦੇ ਮੈਂਬਰ ਵੀ.ਕੇ.ਪੌਲ ਨੇ ਕਿਹਾ, ‘‘ਪੰਜ ਮਹੀਨਿਆਂ ਵਿਚ ਭਾਰਤ ਤੇ ਭਾਰਤ ਦੇ ਲੋਕਾਂ ਲਈ ਦੋ ਅਰਬ (216 ਕਰੋੜ) ਖੁਰਾਕਾਂ ਉਪਲਬਧ ਕਰਵਾਈਆਂ ਜਾਣਗੀਆਂ। ਜਿਵੇਂ ਜਿਵੇਂ ਅਸੀਂ ਅੱਗੇ ਵਧਾਂਗੇ, ਸਾਰਿਆਂ ਲਈ ਵੈਕਸੀਨ ਉਪਲਬਧ ਕਰਵਾਈ ਜਾਵੇਗੀ।’ ਪੌਲ ਨੇ ਕਿਹਾ ਕਿ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਇਹ ਅੰਕੜਾ 3 ਅਰਬ ਵੀ ਹੋ ਸਕਦਾ ਹੈ। ਅਗਸਤ ਤੋਂ ਦਸੰਬਰ ਦਰਮਿਆਨ ਕੋਵੀਸ਼ੀਲਡ ਦੀਆਂ 75 ਕਰੋੜ ਖੁਰਾਕਾਂ ਤੇ ਕੋਵੈਕਸਿਨ ਦੀਆਂ 55 ਕਰੋੜ ਖੁਰਾਕਾਂ ਉਪਲਬਧ ਹੋਣ ਦਾ ਅਨੁਮਾਨ ਹੈ। ਬਾਇਓਲੋਜੀਕਲ ਈ ਵੱਲੋਂ 30 ਕਰੋੜ ਖੁਰਾਕਾਂ ਤੇ ਸੀਰਮ ਇੰਸਟੀਚਿਊਟ ਵੱਲੋਂ ਨੋਵਾਵੈਕਸ ਦੀਆਂ 20 ਕਰੋੜ ਖੁਰਾਕਾਂ ਦਾ ਉਤਪਾਦਨ ਕੀਤੇ ਜਾਣ ਦਾ ਅਨੁਮਾਨ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly