ਪੰਜ ਪਿਆਰਿਆਂ ਨੇ ਲੰਗਾਹ ਨੂੰ 21 ਦਿਨ ਝਾੜੂ ਮਾਰਨ ਦੀ ਤਨਖ਼ਾਹ ਲਾਈ

ਅੰਮ੍ਰਿਤਸਰ (ਸਮਾਜ ਵੀਕਲੀ) : ਪੰਥ ’ਚੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਇਤਿਹਾਸਕ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ’ਚ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਖਿਮਾ ਯਾਚਨਾ ਕੀਤੀ। ਪੰਜ ਪਿਆਰਿਆਂ ਨੇ ਲੰਗਾਹ ਨੂੰ 21 ਦਿਨ ਰੋਜ਼ਾਨਾ ਇਕ ਘੰਟਾ ਗੁਰੂ ਘਰ ਵਿੱਚ ਝਾੜੂ ਮਾਰਨ ਦੀ ਤਨਖ਼ਾਹ ਲਗਾਈ ਅਤੇ ਦੁਬਾਰਾ ਅੰਮ੍ਰਿਤਪਾਨ ਕਰਾਇਆ।

ਉਧਰ ਅੰਮ੍ਰਿਤਸਰ ’ਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਕਿਹਾ ਕਿ ਲੰਗਾਹ ਨੂੰ ਅਜੇ ਅਕਾਲ ਤਖ਼ਤ ਤੋਂ ਕੋਈ ਮੁਆਫ਼ੀ ਨਹੀਂ ਮਿਲੀ ਹੈ। ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ’ਚ ਜਥੇਦਾਰ ਬਾਬਾ ਤਰਸੇਮ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ ਦੀ ਅਗਵਾਈ ਹੇਠ ਪੂਰਨਮਾਸ਼ੀ ਮੌਕੇ ਕਰਾਏ ਗਏ ਸਾਲਾਨਾ ਸਮਾਗਮ ਦੌਰਾਨ ਸੁੱਚਾ ਸਿੰਘ ਲੰਗਾਹ ਪਰਿਵਾਰ ਸਣੇ ਪੰਜ ਪਿਆਰਿਆਂ ਅੱਗੇ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਉਹ ਪੰਜ ਪਿਆਰਿਆਂ ਵੱਲੋਂ ਲਗਾਈ ਗਈ ਤਨਖ਼ਾਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਤਨਖਾਹ ਪੂਰੀ ਕਰਨ ਉਪਰੰਤ ਮੁੜ ਇਸੇ ਅਸਥਾਨ ’ਤੇ ਸੋਧ ਦੀ ਅਰਦਾਸ ਕੀਤੀ ਜਾਵੇਗੀ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਅੰਮ੍ਰਿਤਸਰ ’ਚ ਕਿਹਾ ਕਿ ਲੰਗਾਹ ਦਾ ਮਾਮਲਾ ਅਜੇ ਸ੍ਰੀ ਅਕਾਲ ਤਖ਼ਤ ਦੇ ਵਿਚਾਰ ਅਧੀਨ ਹੈ। ਜਥੇਦਾਰ ਦੇ ਹਵਾਲੇ ਨਾਲ ਉਨ੍ਹਾਂ ਆਖਿਆ ਕਿ ਲੰਗਾਹ ਵਲੋਂ ਮੁਆਫ਼ੀ ਪੱਤਰ ਭੇਜਿਆ ਗਿਆ ਸੀ, ਜੋ ਫਿਲਹਾਲ ਪੰਜ ਸਿੰਘ ਸਾਹਿਬਾਨ ਦੇ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਕਾਲ ਤਖ਼ਤ ਵਲੋਂ ਉਨ੍ਹਾਂ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ ਗਈ ਹੈ। ਲੰਗਾਹ ਨੇ ਪੰਜ ਪਿਆਰਿਆਂ ਦੇ ਸਨਮੁਖ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਕੀਤੀ ਹੈ।

ਜ਼ਿਕਰਯੋਗ ਹੈ ਕਿ ਲੰਗਾਹ ਦੀ ਇਕ ਇਤਰਾਜ਼ਯੋਗ ਅਸ਼ਲੀਲ ਵੀਡਿਓ ਵਾਇਰਲ ਹੋਣ ਮਗਰੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਉਹ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਵੀ ਸਨ। ਉਹ ਅਕਾਲੀ ਮੰਤਰੀ ਵੀ ਰਹਿ ਚੁੱਕੇ ਹਨ। ਹੁਣ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਸ੍ਰੀ ਅਕਾਲ ਤਖ਼ਤ ’ਤੇ ਹੋਈਆਂ ਭੁੱਲਾਂ-ਚੁੱਕਾਂ ਲਈ ਖਿਮਾ ਯਾਚਨਾ ਬਾਰੇ ਪੱਤਰ ਦਿੱਤਾ ਸੀ ਪਰ ਉਸ ਵੇਲੇ ਕੁਝ ਸਿੱਖ ਜਥੇਬੰਦੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ।

Previous articleਜ਼ਹਿਰੀਲੀ ਸ਼ਰਾਬ ਮਾਮਲਾ: ਬਾਜਵਾ ਤੇ ਦੂਲੋ ਨੇ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਿਆ
Next articleਭੂਮੀ ਪੂਜਨ: ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ