ਲੋਕ ਨਿਰਮਾਣ ਵਿਭਾਗ ਦੀ ਸੈਂਟਰਲ ਵਰਕਸ ਡਿਵੀਜ਼ਨ ਫਿਰੋਜ਼ਪੁਰ ਅਤੇ ਰੇਲਵੇ ਵਿਭਾਗ ਦੇ ਇੰਜੀਨੀਅਰਾਂ ਨੇ ਫਰੀਦਕੋਟ-ਤਲਵੰਡੀ ਸੜਕ ’ਤੇ ਰੇਲਵੇ ਅੰਡਰਬ੍ਰਿਜ ਨੂੰ ਮਹਿਜ਼ ਪੰਜ ਘੰਟਿਆਂ ਵਿੱਚ ਤਿਆਰ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅੰਡਰਬ੍ਰਿਜ ਦੀ ਤਿਆਰੀ ਲਈ ਫਿਰੋਜ਼ਪੁਰ-ਫਰੀਦਕੋਟ ਰੇਲਵੇ ਲਾਈਨ ਅੱਠ ਘੰਟੇ ਲਈ ਬੰਦ ਕੀਤੀ ਗਈ ਸੀ ਅਤੇ ਇਸ ਸਮੇਂ ਦਰਮਿਆਨ ਕੋਈ ਵੀ ਰੇਲ ਗੱਡੀ ਟਰੈਕ ਉਪਰੋਂ ਨਹੀਂ ਲੰਘੀ। ਇੰਜੀਨੀਅਰਾਂ ਨੇ ਪੰਜ ਘੰਟਿਆਂ ਵਿੱਚ ਹੀ ਅੰਡਰ ਬ੍ਰਿਜ ਤਿਆਰ ਕਰ ਕੇ ਰੇਲਵੇ ਲਾਈਨ ਚਾਲੂ ਕਰ ਦਿੱਤੀ। 56 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਅੰਡਰਬ੍ਰਿਜ ਤੇ ਓਵਰਬ੍ਰਿਜ ਦੀ ਉਸਾਰੀ ਪਿਛਲੇ 18 ਮਹੀਨਿਆਂ ਤੋਂ ਵਿਵਾਦਾਂ ‘ਚ ਘਿਰੀ ਹੋਈ ਸੀ। ਕੁਝ ਸਮਾਂ ਪਹਿਲਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਸ ਰੇਲਵੇ ਪੁਲ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਗਿਆ ਸੀ ਅਤੇ ਅੰਡਰਬ੍ਰਿਜ ਦੀ ਉਸਾਰੀ ਅੱਧ ਵਿਚਕਾਰ ਲਟਕੀ ਹੋਣ ਕਰ ਕੇ ਪੁਲ ਚਾਲੂ ਨਹੀਂ ਹੋ ਰਿਹਾ ਸੀ। ਅੰਡਰਬ੍ਰਿਜ ਦਾ ਕੰਮ ਮੁਕੰਮਲ ਹੋਣ ਨਾਲ ਲੋਕ ਨਿਰਮਾਣ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਅਗਲੇ ਇੱਕ ਮਹੀਨੇ ਵਿੱਚ ਇਸ ਪੁਲ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਕੰਮ ਦੀ ਨਿਗਰਾਨੀ ਕਰ ਰਹੇ ਇੰਜੀਨੀਅਰ ਮਨਪ੍ਰੀਤਮ ਸਿੰਘ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੁਲ ਦਾ ਨਿਰਮਾਣ ਮੁਕੰਮਲ ਹੋਣ ਨਾਲ ਸ਼ਹਿਰ ਦੀ ਵੀਹ ਸਾਲ ਪੁਰਾਣੀ ਮੰਗ ਪੂਰੀ ਹੋ ਜਾਵੇਗੀ। ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਪੁਲ ਦੇ ਨਿਰਮਾਣ ਨਾਲ ਸ਼ਹਿਰ ਵਪਾਰ ਪੱਖੋਂ ਮਜ਼ਬੂਤ ਹੋਵੇਗਾ ਅਤੇ ਆਵਾਜਾਈ ਸੁਖਾਲੀ ਹੋ ਜਾਵੇਗੀ।
INDIA ਪੰਜ ਘੰਟਿਆਂ ’ਚ ਬਣਾਇਆ ਰੇਲਵੇ ਅੰਡਰ-ਬ੍ਰਿਜ