ਪੰਜੇ ਉਂਗਲਾਂ………………..

(ਸਮਾਜ ਵੀਕਲੀ)

ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ।ਸਰੀਰ ਦੇ ਅੰਗਾਤਮਕ ਪੱਖ ਨੂੰ ਸਨਮੁੱਖ ਰੱਖ ਕੇ ਦਾਨਸ਼ਮੰਦਾਂ ਵੱਲੋਂ ਦਿੱਤੀ ਗਈ  ਇਹ ਦਲੀਲ ਕੇਵਲ ਉਂਗਲਾਂ ਤੱਕ ਹੀ ਸੀਮਤ ਨਹੀਂ ਸਗੋਂ ਇਹ ਮਾਨਵੀ ਵਿਹਾਰ ਵਿਚਲੀ ਅਬਰਾਬਰਤਾ ਵੱਲ ਵੀ ਇਸ਼ਾਰਾ ਕਰਦੀ ਹੈ।ਜਿਸ ਤਰ੍ਹਾਂ ਮਨੁੱਖ ਦੀ ਸਰੀਰਕ ਬਣਾਵਟ ਅਤੇ ਸੁਭਾਅ ਇੱਕ ਦੂਸਰੇ ਨਾਲ ਮੇਲ ਨਹੀਂ ਖਾਂਦੇ ਉਸ ਤਰ੍ਹਾਂ ਹੀ ਉਸ ਦੁਆਰਾ ਕੀਤਾ ਜਾਂਦਾ ਵਿਹਾਰ ਵੀ ਭਿੰਨਤਾ ਭਰਪੂਰ ਹੁੰਦਾ ਹੈ।

ਕਿਸੇ ਵਿਅਕਤੀ ਦਾ ਵਿਹਾਰ ਹਾਂ-ਪੱਖੀ ਤੇ ਸੁਖਾਵਾਂ ਅਤੇ ਕਿਸੇ ਦਾ ਨਾਂਹ-ਪੱਖੀ ਅਤੇ ਦੁਖਾਵਾਂ ਹੁੰਦਾ ਹੈ।ਇਸ ਤਰ੍ਹਾਂ ਦੇ ਹੀ ਦੋ ਵੱਖ-ਵੱਖ (ਇੱਕ ਨਾਹ-ਪੱਖੀ ਅਤੇ ਦੂਸਰਾ ਹਾਂ-ਪੱਖੀ) ਵਿਹਾਰ ਮੈਨੂੰ ਬੀਤੇ ਦਿਨੀਂ ਸਰਕਾਰ ਦੇ ਦਫ਼ਤਰਾਂ ਵਿਚ ਦੇਖਣ ਨੂੰ ਮਿਲੇ।ਇਨ੍ਹਾਂ ਵਿਚੋਂ ਇੱਕ ਅਤਿ ਰੁੱਖਾ ਅਤੇ ਦੂਜਾ ਅਤਿ ਮਿੱਠਾ ਰਿਹਾ।ਇਨ੍ਹਾਂ ਦੋਵਾਂ ਵਿਚੋਂ ਨਾਂਹ-ਪੱਖੀ ਵਿਹਾਰ ਦਾ ਪ੍ਰਸੰਗ ਇਸ ਤਰ੍ਹਾਂ ਹੈ-

ਇਸ ਵਾਰ ਦਾ ਮੇਰਾ ਬਿਜਲੀ ਦਾ ਬਿੱਲ (ਘਰੇਲੂ) ਖ਼ਪਤ ਨਾਲੋਂ ਕੁੱਝ ਵਧੇਰੇ ਆ ਗਿਆ ਜਿਸ ਨੂੰ ਪੜ੍ਹ ਕੇ ਮਨ ਚਿੰਤਤ ਹੋ ਗਿਆ।ਸਿਆਣੇ ਕਹਿੰਦੇ ਨੇ ਚਿੰਤਾ ਚਿਖਾ ਸਮਾਨ ਹੁੰਦੀ ਹੈ।ਸੋ ਜਿਉਂਦੇ ਜੀ ਚਿਖਾ ਵਿਚ ਪੈਣ ਨਾਲੋਂ ਚੰਗਾ ਸੀ ਕਿ ਇਸ ਚਿੰਤਾ ਨੂੰ ਮਿਟਾਇਆ ਜਾਂ ਕੁੱਝ ਘਟਾਇਆ ਜਾ ਸਕੇ।ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਮੈਂ ਬਿਜਲੀ ਬੋਰਡ ਦੇ ਵੱਡੇ ਦਫ਼ਤਰ (ਨਹਿਰ ਨੇੜਲੇ) ਵਿਚ ਚਲਾ ਗਿਆ।ਸਮਾਂ ਸਵਾ ਕੁ ਤਿੰਨ ਵਜੇ ਦਾ ਸੀ।ਜਦੋਂ ਮੈਂ ਸਬੰਧਤ ਕਰਮਚਾਰੀ (ਕਲਰਕ) ਕੋਲ ਪਹੁੰਚ ਕੇ ਫ਼ਰਿਆਦੀ ਹੋਇਆ ਤਾਂ ਉਸ ਨੇ ਬਿੰਨਾ ਪੂਰੀ ਗੱਲ ਸੁਣਿਆਂ ਹੀ ਕੱਲ੍ਹ ਨੂੰ ਆਉਣ ਲਈ ਕਹਿ ਦਿੱਤਾ।

‘ਕਿਉਂ! ਕੀ ਗੱਲ ਜੀ,ਦਫ਼ਤਰ ਦਾ ਟਾਈਮ ੫ ਵਜੇ ਤੱਕ ਦਾ ਨਹੀਂ ਹੁੰਦਾ?’ ‘ਟਾਈਮ ਤਾਂ ਪੰਜ ਵਜੇ ਦਾ ਹੀ ਹੈ ਪਰ ਪਬਲਿਕ ਡੀਲਿੰਗ ਸਿਰਫ਼ ਤਿੰਨ ਵਜੇ ਤੱਕ ਹੀ ਕੀਤੀ ਜਾਂਦੀ ਹੈ।’ ‘ਪਰ ਮੈਂ ਤਾਂ ਕਿਸੇ ਦੇ ਅਧੀਨ ਕੰਮ ਕਰਦਾ ਹਾਂ,ਬੜੀ ਮੁਸ਼ਕਿਲ ਨਾਲ ਅੱਜ ਵਾਸਤੇ ਅੱਧੇ ਕੁ ਘੰਟੇ ਦੀ ਛੁੱਟੀ ਲਈ ਹੈ।’ ਆਪਣੀ ਮਜ਼ਬੂਰੀ ਬਿਆਨਦਿਆਂ ਮੈਂ ਇੱਕ ਤਰਲਾ ਜਿਹਾ ਲਿਆ। ‘ਪਰ ਹੁਣ ਤਾਂ ਸਭ ਕੁੱਝ ਕਲੋਜ਼ ਹੋ ਚੁੱਕਾ ਹੈ,ਕੱਲ੍ਹ ਹੀ ਆਉਣਾ ਪਵੇਗਾ।’ ਕਲਰਕ ਸਾਹਿਬ ਲੋਹੇ ਦਾ ਥਣ ਬਣ ਚੁੱਕਾ ਸੀ।

ਕਲਰਕ ਅੱਗੇ ਕੋਈ ਪੇਸ਼ ਨਾ ਜਾਂਦੀ ਦੇਖ ਕੇ ਮਨ ਵਿਚ ਆਇਆ ਕਿ ਚੱਲੋ ਕਿਸੇ ਵੱਡੇ ਅਫ਼ਸਰ ਨੂੰ ਬੇਨਤੀ ਕਰਕੇ ਦੇਖਦੇ ਹਾਂ ਸ਼ਾਇਦ ਉਸ ਦੇ ਹੀ ਮਨ ਮੇਹਰ ਪੈ ਜਾਵੇ। ਮਨ ਦੀ ਮੰਨ ਕੇ ਮੈਂ ਐਸ.ਡੀ.ਓ ਸਾਹਿਬ ਦੇ ਕਮਰੇ ਵਿਚ ਚਲਾ ਗਿਆ। ਜਦੋਂ ਸਾਹਿਬ ਨੇ ਆਉਣ ਦਾ ਕਾਰਨ ਪੁੱਛਿਆ ਤਾਂ ਮੈਂ ਆਪਣੇ ਅਤੇ ਕਲਰਕ ਵਿਚਲੀ ਸਾਰੀ ਗੱਲ ਕਹਿ ਸੁਣਾਈ। ਐਸ.ਡੀ.ਓ ਸਾਹਿਬ ਮੇਰੇ ਨਾਲੋਂ ਕਲਰਕ ਦੇ ਕਿਤੇ ਵੱਧ ਨੇੜੇ ਸੀ,ਇਸ ਲਈ ਉਸ ਨੇ ਆਪਣੇ ਮੁਲਾਜ਼ਮ ਦੀ ਹੀ ਪਿੱਠ ਥਾਪੜੀ ਅਤੇ ਮੈਨੂੰ ਕੱਲ੍ਹ ਨੂੰ ਆਉਣ ਲਈ ਕਹਿ ਕੇ ਆਪਣਾ ਪੱਲਾ ਛੁਡਾ ਲਿਆ।

ਉਮੀਦ ਦੀ ਤੰਦ ਵਿਚਾਲੇ ਟੱਟ ਜਾਣ ਕਾਰਨ ਮੈਂ ਦਫ਼ਤਰ ਵਿਚੋਂ ਬਾਹਰ ਆ ਗਿਆ।ਵਾਪਸੀ ਦਾ ਸਫ਼ਰ ਤਹਿ ਕਰਦੇ ਸਮੇਂ ਮੈਂ ਅਮਰੀਕੀ ਬਾਪੂ (ਸਵਰਗਵਾਸੀ) ਲਿੰਕਨ ਨੂੰ ਉਲਾਂਭਾ ਦੇ ਰਿਹਾ ਸੀ- ਬਾਪੂ ਤੂੰ ਤਾਂ ਕਹਿ ਕਿ ਗਿਆ ਸੀ ਲੋਕਤੰਤਰ ਵਿਚ ਲੋਕਾਈ ਦਾ ਬੋਲਬਾਲਾ ਹੋਵੇਗਾ ਭਾਵ ਲੋਕਾਂ ਦੀ ਸਰਕਾਰ ਲੋਕਾਂ ਲਈ ਹੋਵੇਗੀ ਪਰ ਇਥੇ ਤਾਂ ਨੌਕਰਸ਼ਾਹੀ ਹੀ ਪੈਰ ਨਹੀਂ ਲੱਗਣ ਦਿੰਦੀ।ਮੇਰਾ ਇਹ ਉਲਾਂਭਾ ਲਿੰਕਨ ਤੱਕ ਪਹੁੰਚਿਆ ਜਾਂ ਨਹੀਂ ਇਸ ਬਾਰੇ ਤਾਂ ਦਾਅਵੇ ਨਾਲ ਕੁੱਝ ਨਹੀਂ ਕਿਹਾ ਸਾ ਸਕਦਾ।ਪਰ ਕੁੱਝ ਦਿਨ ਬਾਅਦ ਇਕ ਹੋਰ ਸਰਕਾਰੀ ਮੁਲਾਜ਼ਮ ਨਾਲ ਵਾਹ ਪੈ ਗਿਆ ਜਿਸ ਦਾ ਪ੍ਰਭਾਵ ਬਹੁਤ ਹੀ ਮਿੱਠਾ ਅਤੇ ਸੁਖਦਾਈ ਹੋਣ ਦੇ ਨਾਲ-ਨਾਲ ਚਿਰਸਥਾਈ ਵੀ ਰਹੇਗਾ।

ਹੋਇਆ ਇਸ ਤਰ੍ਹਾਂ ਕਿ ਇਕ ਦਿਨ ਦੁਪਹਿਰ ਤੋਂ ਬਾਅਦ ਮੈਨੂੰ ਕਿਸੇ ਜ਼ਰੂਰੀ ਕੰਮ ਦੇ ਸਿਲਸਲੇ ਵਿਚ ਮਹਾਂਨਗਰ ਦੀ ਪੁਲਿਸ ਲਈਨ ਵਿਚ ਜਾਣਾ ਪੈ ਗਿਆ।ਜਦੋਂ ਮੈਂ ਆਪਣੇ ਵਿਸ਼ੇ ਨਾਲ ਸਬੰਧਤ ਅਧਿਕਾਰੀ ਨੂੰ ਮਿਲਿਆ ਤਾਂ ਉਸ ਨੇ ਮੈਨੂੰ ਲਿਖਤੀ ਰੂਪ ਵਿਚ ਬੇਨਤੀ ਕਰਨ ਨੂੰ ਕਿਹਾ।ਆਪਣੀ ਬੇਨਤੀ ਨੂੰ ਲਿਖਤੀ ਰੂਪ ਦੇ ਕੇ ਜਦੋਂ ਉਸ ਦੇ ਹੱਕ ਵਿਚ ਮੈਂ ਦਸਤਾਵੇਜ਼ ਨੱਥਣ ਲੱਗਾ ਤਾਂ ਉਨ੍ਹਾਂ ਵਿਚੋਂ ਇੱਕ ਦੀ ਨਕਲ ਘੱਟ ਗਈ।

ਫੋਟੋ ਕਾਪੀ ਕਰਨ ਵਾਲੀ ਦੁਕਾਨ ਇਸ ਲਾਈਨ ਤੋਂ ਕਾਫੀ ਦੂਰ ਸੀ ਅਤੇ ਦਫ਼ਤਰ ਦਾ ਆਖ਼ਰੀ (ਛੁੱਟੀ ਦਾ) ਸਮਾਂ ਵੀ ਨੇੜੇ ਲੱਗਣ ਵਾਲਾ ਸੀ।ਇਸ ਘਾਟ ਦੀ ਪੂਰਤੀ ਲਈ ਮੈਂ ਦਫ਼ਤਰ ਦੇ ਨਾਲ ਵਾਲੇ ਕਮਰੇ ਵਿਚ ਬੈਠੇ ਇੱਕ ਪੁਲਿਸ ਮੁਲਾਜ਼ਮ ਕੋਲ ਇਹ ਸੋਚ ਕੇ ਚਲਾ ਗਿਆ ਸ਼ਇਦ ਇਸ ਕੋਲ ਫੋਟੋ-ਸਟੇਟ ਕਰਨ ਵਾਲੀ ਸਰਕਾਰੀ ਮਸ਼ੀਨ ਹੀ ਹੋਵੇ।ਉਸ ਵਕਤ ਉਹ ਆਪਣੇ ਕਮਰੇ ਵਿਚ ਇਕੱਲਾ ਹੀ ਬੈਠਾ ਹੋਇਆ ਸੀ।ਉਸ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਮੈਂ ਕਿਹਾ-

‘ਭਾਜੀ! ਫ਼ੋਟੋ ਕਾਪੀ ਵਾਲੀ ਮਸ਼ੀਨ ਹੈ ਗੀ ਭਲਾ।’

‘ਨਹੀਂ ਮਸ਼ੀਨ ਤਾਂ ਨਹੀਂ ਹੈ।’

ਉਸ ਦਾ ਨਾਂਹਵਾਚਕ ਜੁਆਬ ਸੁਣ ਕੇ ਜਦੋਂ ਮੈਂ ਬਾਹਰ ਨੂੰ ਮੁੜਨ ਲੱਗਾ ਤਾਂ ਉਸ ਨੇ ਕਿਹਾ-

‘ਕਿੰਨੀਆਂ ਕੁ ਕਾਪੀਆਂ ਨੇ?’

‘ਇੱਕੋ ਹੀ।’ ਮੈਂ ਸੰਖੇਪ ਵਿਚ ਕਿਹਾ।

‘ਲਿਆ ਫੜਾਓ ਫਿਰ!’ ਇਹ ਗੱਲ ਕਹਿ ਕਿ ਉਸ ਭਲੇ ਪੁਰਸ਼ ਨੇ ਉਹ ਕਾਗਜ਼ ਮੇਰੇ ਕੋਲੋਂ ਲੈ ਲਿਆ।ਉਸ ਦੇ ਇਸ ਤਰ੍ਹਾਂ ਕਰਨ ਨਾਲ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਵੀ ਹੋਣ ਲੱਗੀ ਕਿਉਂਕਿ ਇਸ ਤੋਂ ਪਹਿਲਾਂ ਉਹ ਜਵਾਬ ਦੇ ਚੁੱਕਾ ਸੀ ਅਤੇ ਉਸ ਦੇ ਕਮਰੇ ਵਿਚ ਫੋਟੋ ਸਟੇਟ ਮਸ਼ੀਨ ਨਜ਼ਰ ਵੀ ਨਹੀਂ ਆ ਰਹੀ ਸੀ। ਮਨ ਵਿਚ ਪਈ ਮੇਹਰ ਸਦਕਾ ਉਸ ਨੇਕ ਦਿਲ ਮੁਲਾਜ਼ਮ ਨੇ ਆਪਣੀ ਅਕਲ ਅਤੇ ਤਕਨੀਕੀ ਜੁਗਤ ਤੋਂ ਕੰਮ ਲਿਆ।

ਪਹਿਲਾਂ ਤਾਂ ਉਸ ਨੇ ਮੇਰੇ ਕਾਗਜ਼ ਦੀ ਮੋਬਾਇਲ ਫ਼ੋਨ ਨਾਲ ਫ਼ੋਟੋ ਖਿੱਚੀ ਅਤੇ ਬਾਅਦ ਵਿਚ ਉਸ ਨੂੰ ਕੰਪਿਊਟਰ ਵਿਚਲੀ ਈਮੇਲ ‘ਤੇ ਪਾ ਦਿੱਤਾ।ਈਮੇਲ ‘ਤੇ ਪਾਉਣ ਤੋਂ ਬਾਅਦ ਉਸ ਨੇ ਕੰਪਿਊਟਰ ਨਾਲ ਜੁੜੇ ਹੋਏ ਛਾਪਕ ਦੀ ਸਹਾਇਤਾ ਨਾਲ ਇੱਕ ਪ੍ਰਿੰਟ ਕੱਢ ਕੇ ਮੇਰੇ ਹਵਾਲੇ ਕਰ ਦਿੱਤਾ।ਉਸ ਦੀ ਇਸ ਜੁਗਤੀ ਮੇਹਰਬਾਨੀ ਨਾਲ ਜਿਥੇ ਮੇਰਾ ਰੋਮ-ਰੋਮ ਉਸ ਮੁਲਾਜ਼ਮ ਵੀਰ ਦਾ ਧੰਨਵਾਦੀ ਹੋ ਗਿਆ, ਉਥੇ ਇਸ ਗੱਲ ਨਾਲ ਵੀ ਸਹਿਮਤ ਹੋਣੋ ਨਾ ਰਹਿ ਸਕਿਆ ਕਿ ‘ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ।’

—-੦—

ਰਮੇਸ਼ ਬੱਗਾ ਚੋਹਲਾ
ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਮੋਬ:9463132719

Previous articleGujarat reports record 1,110 cases in a day, 21 fatalities
Next articleAssam floods claim five more lives, 25L people still in distress