ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੜ੍ਹਾਂ ਨਾਲ ਹੋਈ ਤਬਾਹੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਸਹਾਇਤਾ ਆਵੇਗੀ ਉਸ ਤੋਂ ਇਲਾਵਾ ਪੰਜਾਬ ਸਰਕਾਰ ਆਪਣੀ ਹੈਸੀਅਤ ਅਤੇ ਔਕਾਤ ਅਨੁਸਾਰ ਲੋਕਾਂ ਦੀ ਮਦਦ ਕਰੇਗੀ। ਉਹ ਅੱਜ ਇਥੇ ਕੰਨਿਆ ਮਹਾਂ ਵਿਦਿਆਲਾ ਵਿਚ ਹੋਈ ਕਾਨਵੋਕੇਸ਼ਨ ਵਿਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਦਰਤੀ ਆਫਤ ਨਾਲ ਪੰਜਾਬ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਇਸ ਬਾਰੇ ਕੇਂਦਰ ਸਰਕਾਰ ਵੱਲੋਂ ਵੀ ਸਹਾਇਤਾ ਕੀਤੀ ਜਾਵੇਗੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁਆਵਜ਼ੇ ਦੀ ਕੋਈ ਮਿੱਥੀ ਰਕਮ ਐਲਾਨ ਕਰਨ ਦੀ ਥਾਂ ਏਨਾ ਹੀ ਕਿਹਾ ਕਿ ਪੰਜਾਬ ਸਰਕਾਰ ਆਪਣੀ ਹੈਸੀਅਤ ਤੇ ਔਕਾਤ ਅਨੁਸਾਰ ਲੋਕਾਂ ਦੀ ਮਦਦ ਕਰੇਗੀ।
ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਵੰਬਰ ਮਹੀਨੇ ਵਿਚ ਇਹ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ ਜਿਸ ਵਿਚ ਲੱਖਾਂ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਆਉਣਗੇ ਤੇ ਉਦੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਉਨ੍ਹਾਂ ਅਪੀਲ ਵੀ ਕੀਤੀ ਕਿ ਬਾਹਰਲੇ ਯਾਤਰੀ ਪੰਜਾਬ ਬਾਰੇ ਕੋਈ ਮਾੜਾ ਪ੍ਰਭਾਵ ਨਾ ਲੈ ਕੇ ਜਾਣ ਕਿ ਇਥੇ ਲੋਕਾਂ ਨੇ ਪ੍ਰਕਾਸ਼ ਪੁਰਬ ਮੌਕੇ ਧੂੰਆਂ ਹੀ ਧੂੰਆਂ ਕਰ ਦਿੱਤਾ ਹੈ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਪ੍ਰਕਾਸ਼ ਪੁਰਬ ਲਈ ਕੇਂਦਰ ਸਰਕਾਰ ਵੱਲੋਂ 135 ਕਰੋੜ ਰੁਪਏ ਦੀ ਰਕਮ ਪੰਜਾਬ ਸਰਕਾਰ ਨੂੰ ਦਿੱਤੇ ਜਾਣ ’ਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ, ਇਸ ਬਾਰੇ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਰਕਮ ਬਹੁਤ ਥੋੜ੍ਹੀ ਹੈ, ਇਸ ਮੁੱਦੇ ’ਤੇ ਜਦੋਂ ਵਿੱਤ ਮੰਤਰੀ ਦੀ ਟਿੱਪਣੀ ਮੰਗੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਵਾਦ ਵਿਵਾਦ ਵਿਚ ਨਹੀਂ ਪੈਣਾ ਚਾਹੁੰਦੇ ਕਿ ਕਿੰਨੇ ਪੈਸੇ ਆਏ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਦੁਨੀਆਂ ਤੱਕ ਪਹੁੰਚਾਉਣ ਦੀ ਹੈ।
ਵਿੱਤ ਮੰਤਰੀ ਨੇ ਸਰਕਾਰੀ ਸਕੂਲਾਂ ਦੇ ਆਏ ਨਤੀਜਿਆਂ ਨੂੰ ਤਸੱਲੀਬਖਸ਼ ਦੱਸਦਿਆਂ ਕਿਹਾ ਕਿ 25 ਸਾਲਾਂ ਵਿਚ ਪਹਿਲੀ ਵਾਰ ਉਨ੍ਹਾਂ ਨੇ ਦੇਖਿਆ ਕਿ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਦੇ ਨਤੀਜਿਆਂ ਨੂੰ ਪਛਾੜਿਆ ਹੈ। ਇਹ ਸਾਰਾ ਕੁਝ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਸੰਭਵ ਹੋਇਆ ਹੈ।
INDIA ਪੰਜਾਬ ਸਰਕਾਰ ਹੜ੍ਹਾਂ ਦਾ ਢੁੱਕਵਾਂ ਮੁਆਵਜ਼ਾ ਦੇਵੇਗੀ:ਮਨਪ੍ਰੀਤ