ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਕੇਂਦਰ ਅਗਲੇ ਹੁਕਮਾਂ ਤੱਕ ਬੰਦ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਸਰਕਾਰ ਨੇ ਕੋਵਿਡ-19 ਦੇ ਪਸਾਰ ਨੂੰ ਦੇਖਦੇ ਹੋਏ ਸਕੂਲਾਂ ਤੋਂ ਬਾਅਦ ਹੁਣ ਸੂਬੇ ਭਰ ਦੇ 27 ਹਜ਼ਾਰ ਆਂਗਣਵਾੜੀ ਕੇਂਦਰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੌਰਾਨ ਬੱਚਿਆਂ ਨੂੰ ਰਾਸ਼ਨ ਘਰ ਪਹੁੰਚਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਸਭ ਤੋਂ ਵੱਧ ਫੈਲਾਅ ਵਾਲੇ ਸੱਤ ਸੂਬਿਆਂ ’ਚੋਂ ਪੰਜਾਬ ਹੁਣ ਤੀਜੇ ਸਥਾਨ ’ਤੇ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਮੁੜ ਚੌਕਸ ਹੋ ਗਈ ਹੈ।

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਕੋਵਿਡ ਦੇ ਮਾਮਲਿਆਂ ਵਿੱਚ ਮੁੜ ਉੱਭਾਰ ਦੇ ਮੱਦੇਨਜ਼ਰ ਆਂਗਣਵਾੜੀ ਕੇਂਦਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਹ ਫ਼ੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਹੋਰ ਲਾਭਪਾਤਰੀਆਂ ਨੂੰ ਰਾਸ਼ਨ ਅਤੇ ਹੋਰ ਸਮੱਗਰੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਰਾਹੀਂ ਘਰ-ਘਰ ਪਹੁੰਚਾਈ ਜਾਂਦੀ ਰਹੇਗੀ। ਉਨ੍ਹਾਂ ਕਰੋਨਾ ਤੋਂ ਬਚਾਅ ਲਈ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਵਰਕਰ ਅਤੇ ਹੈਲਪਰ ਪੜਾਅਵਾਰ ਢੰਗ ਨਾਲ ਇਹ ਯਕੀਨੀ ਬਣਾਉਣਗੇ ਕਿ ਵਿਭਾਗ ਦੁਆਰਾ ਦਿੱਤੀ ਸਮਾਂ ਸੀਮਾ ਦੇ ਅੰਦਰ ਬੱਚਿਆਂ ਦੇ ਸਰੀਰਕ ਵਾਧੇ ਦਾ ਨਿਗਰਾਨੀ ਰਿਕਾਰਡ ਤਿਆਰ ਕੀਤਾ ਜਾਵੇ।

ਕੇਂਦਰ ਸਰਕਾਰ ਤਰਫੋਂ ਜੋ ਸੱਤ ਸੂਬਿਆਂ ਵਿਚ ਕੇਂਦਰੀ ਟੀਮਾਂ ਵਿਚ ਭੇਜੀਆਂ ਗਈਆਂ ਹਨ, ਵਿਚ ਪੰਜਾਬ ਵੀ ਸ਼ਾਮਲ ਹੈ। ਕੋਵਿਡ ਦੇ ਇਸ ਵੇਲੇ 88 ਫ਼ੀਸਦੀ ਕੇਸ ਇਕੱਲੇ ਇਨ੍ਹਾਂ ਸੱਤ ਸੂਬਿਆਂ ਵਿਚ ਹਨ ਜਿਨ੍ਹਾਂ ਵਿਚ ਪੰਜਾਬ ਤੀਜੇ ਨੰਬਰ ’ਤੇ ਹੈ। ਕੋਵਿਡ ਨਾਲ ਮੌਤਾਂ ਦੇ ਮਾਮਲੇ ਵਿਚ ਪੰਜਾਬ ਇਸ ਵੇਲੇ ਦੇਸ਼ ’ਚੋਂ ਦੂਜੇ ਨੰਬਰ ’ਤੇ ਹੈ। ਲੰਘੇ ਕੱਲ੍ਹ ਇੱਕੋ ਦਿਨ ਮੌਤਾਂ ਦਾ ਅੰਕੜਾ 34 ਰਿਹਾ ਹੈ।

Previous articleਕਿਸਾਨਾਂ ਲਈ ਲੰਗਰ ਲਾਉਣਾ ਗ਼ੁਨਾਹ ਨਹੀਂ: ਜਥੇਦਾਰ
Next articleਦੇਸ਼ ’ਚ ਕਰੋਨਾ ਦੇ 24320 ਨਵੇਂ ਮਾਮਲੇ ਤੇ 161 ਮੌਤਾਂ, ਪੰਜਾਬ ’ਚ 22 ਜਾਨਾਂ ਗਈਆਂ