ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਟੈਕਸਾਂ ਦੀ ਮਾਰ ਝੱਲ ਰਹੇ ਹਨ, ਇਸ ਦੇ ਬਾਵਜੂਦ ਕੈਪਟਨ ਸਰਕਾਰ ਨੇ ਸੂਬੇ ਦੇ ਲੋਕਾਂ ’ਤੇ ਐਕਸੈੱਸ ਟੈਕਸ ਦਾ ਨਵਾਂ ਆਰਥਿਕ ਬੋਝ ਲੱਦ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਟੈਕਸ ਵਾਪਸ ਨਾ ਲਿਆ ਤਾਂ ਪਾਰਟੀ ਸੰਘਰਸ਼ ਵਿੱਢੇਗੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਕੌਮੀ, ਰਾਜ ਤੇ ਲਿੰਕ ਸੜਕਾਂ ’ਤੇ ਆਉਂਦੀਆਂ ਕਾਰੋਬਾਰੀ ਜਾਇਦਾਦਾਂ ਨੂੰ ਜਾਣ ਵਾਲੀਆਂ ਸੜਕਾਂ ਤੋਂ ਰਾਹ ਮੁਹੱਈਆ ਕਰਵਾਉਣ ਦੇ ਬਹਾਨੇ ਨਵਾਂ ਟੈਕਸ ਥੋਪ ਦਿੱਤਾ ਹੈ। ਇਹ ਟੈਕਸ ਡੇਢ ਲੱਖ ਰੁਪਏ ਤੋਂ ਲੈ ਕੇ 6 ਲੱਖ ਰੁਪਏ ਤੱਕ ਲਾਇਆ ਜਾਵੇਗਾ। ਪੰਜਾਬ ਸਰਕਾਰ ਨੇ ਟੈਕਸ ਵਸੂਲਣ ਲਈ ਪੰਜਾਬ ਦੇ ਲੋਕਾਂ ਨੂੰ ਨੋਟਿਸ ਭੇਜਣੇ ਵੀ ਸ਼ੁਰੂ ਕਰ ਦਿੱਤੇ ਹਨ। ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਨਵੇਂ ਟੈਕਸ ਦਾ ਰਸਮੀ ਐਲਾਨ ਪੰਜਾਬ ਵਿਧਾਨ ਸਭਾ ਦੀ ਮਨਜ਼ੂਰੀ ਲਏ ਬਿਨਾਂ ਚੋਰ ਦਰਵਾਜ਼ੇ ਰਾਹੀਂ ਕਰ ਦਿੱਤਾ ਹੈ। ਉਨ੍ਹਾਂ ਪਟਿਆਲੇ ਦੇ ਇਕ ਵਿਅਕਤੀ ਨੂੰ 12 ਫਰਵਰੀ ਨੂੰ ਜਾਰੀ ਕੀਤੇ ਨੋਟਿਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਨੋਟਿਸ ਪੀਡਬਲਿਊਡੀ ਦੇ ਸੀਨੀਅਰ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਹੈ। ਰਘੂਇੰਦਰ ਸਿੰਘ ਕੈਰੋਂ ਨਾਂ ਦੇ ਵਿਅਕਤੀ ਨੂੰ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ, ‘‘ਤੁਹਾਡਾ ਪੈਟਰੋਲ ਪੰਪ/ਵਪਾਰਕ ਅਦਾਰਾ ਰਾਜਪੁਰਾ-ਪਟਿਆਲਾ-ਸੰਗਰੂਰ ਰੋਡ ਦੇ ਖੱਬੇ ਪਾਸੇ ਵੱਲ ਹੈ। ਆਪ ਵੱਲੋਂ ਸੜਕ ਤੋਂ ਜਿਹੜਾ ਐਕਸੈੱਸ (ਰਸਤਾ) ਵਰਤਿਆ ਜਾ ਰਿਹਾ ਹੈ, ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਦਸਾਂ ਦਿਨਾਂ ਅੰਦਰ ਪੰਜ ਸਾਲ ਦੀ ਫੀਸ ਜਮ੍ਹਾਂ ਕਰਵਾਈ ਜਾਵੇ।’’ ਫੀਸ ਜਮ੍ਹਾਂ ਨਾ ਕਰਾਉਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਹੈ।
INDIA ਪੰਜਾਬ ਸਰਕਾਰ ਨੇ ਚੁੱਪ-ਚਪੀਤੇ ਨਵਾਂ ਟੈਕਸ ਥੋਪਿਆ: ਖਹਿਰਾ