ਚੰਡੀਗੜ੍ਹ (ਸਮਾਜ ਵੀਕਲੀ) : ਅਕਾਲੀ ਦਲ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ 64 ਕਰੋੜ ਦੀ ਰਾਸ਼ੀ ਬਾਰੇ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਰਕਾਰ ਦੁਆਰਾ ਕੋਵਿਡ ਪ੍ਰਬੰਧਾਂ ’ਤੇ 300 ਕਰੋੜ ਤੋਂ ਵੱਧ ਰਕਮ ਖਰਚੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੰਗਾਮੀ ਉਦੇਸ਼ਾਂ ਲਈ ਫੰਡ ਰੱਖੇ ਹਨ, ਜਿਨ੍ਹਾਂ ਨੂੰ ਲੋੜ ਪੈਣ ’ਤੇ ਵਰਤਿਆ ਜਾਵੇਗਾ।
ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ, ਜਿਸ ਵਿੱਚ ਅਕਾਲੀ ਵੀ ਭਾਈਵਾਲ ਹਨ, ਪਾਸੋਂ ਕੋਈ ਆਰਥਿਕ ਸਹਾਇਤਾ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਕੋਵਿਡ ਪ੍ਰਬੰਧਾਂ ਦੇ ਰਾਹ ਵਿੱਚ ਵਿੱਤੀ ਰੁਕਾਵਟਾਂ ਪੈਦਾ ਨਹੀਂ ਹੋਣ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਤੇ ਵੀ ਕਿਸੇ ਹਸਪਤਾਲ ਦੇ ਮਾਮਲੇ ਬਾਰੇ ਸਪੱਸ਼ਟ ਜ਼ਿਕਰ ਨਹੀਂ ਕੀਤਾ ਗਿਆ, ਜਿੱਥੇ ਡਾਕਟਰਾਂ ਨੂੰ ਸੁਰੱਖਿਆ ਉਪਕਰਣ ਨਾ ਮਿਲੇ ਹੋਣ।