ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਮੁਲਾਜ਼ਮ ਅਤੇ ਅਫ਼ਸਰਾਂ ਦੀ ਸੇਵਾਮੁਕਤੀ ਲਈ ਇੱਕੋ ਨਿਯਮ ਹੈ, ਜਿਸ ਤਹਿਤ 58 ਸਾਲ ਦੀ ਉਮਰ ਵਿੱਚ ਸੇਵਾਮੁਕਤੀ ਹੋ ਜਾਂਦੀ ਹੈ ਪਰ ਸਰਕਾਰ ਦੇ ਹੀ ਕੰਟਰੋਲ ਹੇਠ ਚੱਲ ਰਹੇ ਸੈਂਟਰ ਫਾਰ ਟ੍ਰੇਨਿੰਗ ਐਂਡ ਐਂਪਲਾਈਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਵਿੱਚ ਅੱਜ ਵੀ ਸੇਵਾਮੁਕਤੀ 62 ਸਾਲ ਦੀ ਉਮਰ ਵਿੱਚ ਹੋ ਰਹੀ ਹੈ। ਸਰਕਾਰੇ ਦਰਬਾਰੇ ਰਸੂਖ ਰੱਖਣ ਵਾਲੇ ਅਧਿਕਾਰੀ ਆਪਣੇ ਸੇਵਾਕਾਲ ਨੂੰ 63 ਸਾਲ ਜਾਂ ਫਿਰ 64 ਸਾਲ ਤੱਕ ਵੀ ਲੈ ਜਾਂਦੇ ਹਨ। ਸੀ-ਪਾਈਟ ਲਈ ਇਹ ਵੱਖਰਾ ਨਿਯਮ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸੇਵਾਮੁਕਤੀ ਦੀ ਉਮਰ ਹੱਦ ਸਬੰਧੀ ਦਫ਼ਤਰ ਡਾਇਰੈਕਟਰ ਜਨਰਲ (ਸੀ-ਪਾਈਟ) ਵੈਲਫ਼ੇਅਰ ਯੂਨੀਅਨ ਸੈਕਟਰ-42 ਚੰਡੀਗੜ੍ਹ ਦੀ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਅਤੇ ਯੂਟੀ ਐਂਪਲਾਈਜ਼ ਵੱਲੋਂ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਭੇਜ ਕੇ ਸੀ-ਪਾਈਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੇਵਾਮੁਕਤੀ ਵੀ ਹੋਰਨਾਂ ਵਿਭਾਗਾਂ ਦੀ ਹੀ ਤਰਜ਼ ’ਤੇ ਕਰਨ ਦੀ ਮੰਗ ਕੀਤੀ ਹੈ। ਪੱਤਰ ਦੀਆਂ ਕਾਪੀਆਂ ਮੁੱਖ ਸਕੱਤਰ ਪੰਜਾਬ ਸਰਕਾਰ, ਵਿੱਤ ਅਤੇ ਯੋਜਨਾ ਮੰਤਰੀ ਪੰਜਾਬ ਨੂੰ ਵੀ ਭੇਜੀਆਂ ਗਈਆਂ ਹਨ।
ਜਥੇਬੰਦੀ ਦੇ ਆਗੂਆਂ ਵਿੱਚ ਸਰਪ੍ਰਸਤ ਕਰਤਾਰ ਸਿੰਘ ਪਾਲ, ਪ੍ਰਧਾਨ ਸੁਰਿੰਦਰ ਸਿੰਘ ਅਤੇ ਮੁੱਖ ਸਲਾਹਕਾਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 18 ਕੈਂਪਸ ਹਨ ਪਰ ਸਰਕਾਰ ਦੀ ਮਿਹਰਬਾਨੀ ਸਦਕਾ ਵੱਖ-ਵੱਖ ਸੈਂਟਰਾਂ ਵਿੱਚ 19 ਬਜ਼ੁਰਗ ਅਫ਼ਸਰ ਅਤੇ ਕਰਮਚਾਰੀ ਤਾਇਨਾਤ ਹਨ, ਜਿਨ੍ਹਾਂ ਦੀ ਤੁਰੰਤ ਸੇਵਾਮੁਕਤੀ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਸੇਵਾਮੁਕਤੀ ਉਮਰ ਹੱਦ 58 ਸਾਲ ਕੀਤੀ ਜਾਵੇ।