ਪੰਜਾਬ ਵਿੱਚ ਬੱਸ ਸਫ਼ਰ ਹੋਰ ਮਹਿੰਗਾ ਹੋਇਆ

ਪੰਜਾਬ ਸਰਕਾਰ ਨੇ ਸੱਤ ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ਼ ਬੱਸ ਕਿਰਾਏ ਵਿਚ ਵਾਧਾ ਕੀਤਾ ਹੈ। ਆਮ ਬੱਸ ਕਿਰਾਇਆ ਹੁਣ 110 ਪੈਸੇ ਤੋਂ ਵਧ ਕੇ 117 ਪੈਸੇ ਫੀ ਕਿਲੋਮੀਟਰ ਹੋ ਗਿਆ ਹੈ। ਇਸ ਨਾਲ ਪੀਆਰਟੀਸੀ ਨੂੰ ਰੋਜ਼ਾਨਾ ਦਾ 7.71 ਲੱਖ ਰੁਪਏ ਦਾ ਲਾਭ ਹੋਵੇਗਾ ਪਰ ਲੋਕਾਂ ’ਤੇ ਲੱਖਾਂ ਰੁਪਏ ਦਾ ਵਿੱਤੀ ਬੋਝ ਪਵੇਗਾ ਕਿਉਂਕਿ ਇਹ ਵਾਧਾ ਪੀਆਰਟੀਸੀ ਸਮੇਤ ਪ੍ਰਾਈਵੇਟ ਬੱਸਾਂ ਵਿਚ ਵੀ ਹੋਇਆ ਹੈ।ਸਾਲ ਵਿਚ ਤੀਜੀ ਵਾਰ ਬੱਸ ਕਿਰਾਇਆ ਵਧਿਆ ਹੈ। ਫਰਵਰੀ ਵਿਚ ਦੋ ਪੈਸੇ ਅਤੇ ਜੂਨ ਵਿਚ ਛੇ ਪੈਸੇ ਵਧੇ ਸਨ। ਇਸ ਤਰਾਂ ਸਾਲ ਵਿਚ ਪੰਦਰਾਂ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਹੋਇਆ ਹੈ।
ਇਸ ਵਾਧੇ ਨਾਲ ਐਚਵੀਏਸੀ ਬੱਸਾਂ ਦਾ ਕਿਰਾਇਆ 132 ਤੋਂ ਵਧ ਕੇ 140.40 ਪੈਸੇ ਹੋ ਗਿਆ ਹੈ। ਇਹ ਆਮ ਕਿਰਾਏ (117 ਪੈਸੇ) ਦਾ ਵੀਹ ਫੀਸਦੀ ਵਧਦਾ ਹੈ।ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ 198 ਤੋਂ 210 ਪੈਸੇ ਹੋ ਗਿਆ ਜੋ ਆਮ ਕਿਰਾਏ ਦਾ ਅੱਸੀ ਫੀਸਦੀ ਵਧਦਾ ਹੈ ਜਦਕਿ ਸੁਪਰ ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ ਆਮ ਕਿਰਾਏ ਦਾ ਸੌ ਫੀਸਦੀ ਵਧ ਕੇ ਦੁੱਗਣਾ, ਭਾਵ 234 ਪੈਸੇ ਹੋ ਗਿਆ ਹੈ। ਪੀਆਰਟੀਸੀ ਦੇ ਐਮਡੀ ਮਨਜੀਤ ਸਿੰਘ ਨਾਰੰਗ ਨੇ ਸਤੰਬਰ ’ਚ ਸਰਕਾਰ ਨੂੰ ਪੱਤਰ ਲਿਖ ਕੇ ਪੰਜ ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਉਣ ਦੀ ਮੰਗ ਕੀਤੀ ਸੀ।ਤਰਕ ਸੀ ਕਿ ਇੱਕ ਜੂਨ ਨੂੰ ਜਦੋਂ ਕਿਰਾਏ ’ਚ ਛੇ ਪੈਸੇ ਕਿਲੋਮੀਟਰ ਦਾ ਵਾਧਾ ਹੋਇਆ ਸੀ, ਉਦੋਂ ਡੀਜ਼ਲ ਦੀ ਕੀਮਤ 68.46 ਰੁਪਏ ਲਿਟਰ ਸੀ ਜੋ ਵਧ ਕੇ 75 ਰੁਪਏ ਲਿਟਰ ਹੋਣ ਨਾਲ਼ ਕਾਰਪੋਰੇਸ਼ਨ ਨੂੰ ਡੀਜ਼ਲ ਦੀ ਖਰੀਦ ’ਤੇ ਰੋਜ਼ਾਨਾ ਛੇ ਲੱਖ ਰੁਪਏ ਵਾਧੂ ਖਰਚ ਝੱਲਣਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੀਆਰਟੀਸੀ ਦੀਆਂ 1073 ਬੱਸਾਂ ਰੋਜ਼ਾਨਾ ਪੰਜਾਬ ਵਿਚ 3 ਲੱਖ ਕਿਲੋਮੀਟਰ ਤੇ ਪੰਜਾਬ ਤੋਂ ਬਾਹਰ 53 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰਦੀਆਂ ਹਨ ਜਿਸ ਦੌਰਾਨ 90 ਹਜ਼ਾਰ ਲਿਟਰ ਡੀਜ਼ਲ ਦੀ ਰੋਜ਼ਾਨਾ ਖਪਤ ਹੁੰਦੀ ਹੈ। ਕਾਰਪੋਰੇਸ਼ਨ ਦੀ ਰੋਜ਼ਾਨਾ ਦੀ ਆਮਦਨ 1.41 ਕਰੋੜ ਰੁਪਏ ਹੈ। ਐਮ.ਡੀ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਕਿਰਾਇਆ ਵਧਣ ਨਾਲ਼ ਕਾਰਪੋਰੇਸ਼ਨ ਦੀ ਆਮਦਨ ਰੋਜ਼ਾਨਾ 7.71 ਲੱਖ ਰੁਪਏ ਵਧੇਗੀ ਜਿਸ ਨਾਲ਼ ਡੀਜ਼ਲ ਕੀਮਤਾਂ ’ਚ ਵਾਧੇ ਕਾਰਨ ਪੈ ਰਿਹਾ ਘਾਟਾ ਪੂਰਾ ਹੋਵੇਗਾ।

Previous articleExcessive competition can lead to stress in particular sector: Jaitley
Next articleUS dollar falls against most major currencies