ਪੰਜਾਬ ਵਿੱਚ ਬਿਜਲੀ ਦਰਾਂ ਵਧੀਆਂ

ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐੱਸਈਆਰਸੀ) ਨੇ ਅੱਜ ਸੂਬੇ ਵਿੱਚ ਚਾਲੂ ਮਾਲੀ ਸਾਲ ਲਈ ਨਵੀਆਂ ਬਿਜਲੀ ਦਰਾਂ ਦਾ ਐਲਾਨ ਕਰਦਿਆਂ ਲੋਕਾਂ ’ਤੇ 564.62 ਕਰੋੜ ਰੁਪਏ ਦਾ ਸਾਲਾਨਾ ਵਿੱਤੀ ਬੋਝ ਪਾ ਦਿੱਤਾ ਹੈ। ਕਮਿਸ਼ਨ ਨੇ ਸੰਸਦੀ ਚੋਣਾਂ ਦਾ ਅਮਲ ਖ਼ਤਮ ਹੁੰਦਿਆਂ ਹੀ ਬਿਜਲੀ ਦਰਾਂ ’ਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕਮਿਸ਼ਨ ਵੱਲੋਂ ਐਲਾਨੀਆਂ ਗਈਆਂ ਨਵੀਆਂ ਦਰਾਂ ਮੁਤਾਬਕ ਹਰ ਤਰ੍ਹਾਂ ਦੇ ਖ਼ਪਤਕਾਰਾਂ (ਘਰੇਲੂ, ਵਪਾਰਕ, ਉਦਯੋਗਿਕ ਤੇ ਆਰਜ਼ੀ) ’ਤੇ 2.14 ਫੀਸਦੀ ਦਾ ਵਾਧਾ ਪਹਿਲੀ ਜੂਨ ਤੋਂ ਲਾਗੂ ਹੋਵੇਗਾ। ਪਾਵਰਕੌਮ ਨੇ ਚਾਲੂ ਵਿੱਤੀ ਵਰ੍ਹੇ ਲਈ 32327.25 ਕਰੋੜ ਰੁਪਏ ਦਾ ਮਾਲੀਆ ਮੰਗਿਆ ਗਿਆ ਸੀ ਪਰ ਕਮਿਸ਼ਨ ਨੇ 564.62 ਕਰੋੜ ਹੀ ਮਨਜ਼ੂਰ ਕੀਤਾ ਹੈ। ਸਰਕਾਰ ਵੱਲੋਂ ਚਲੰਤ ਮਾਲੀ ਸਾਲ ਦੌਰਾਨ ਸਬਸਿਡੀ ਵਜੋਂ ਪਾਵਰਕੌਮ ਨੂੰ 9674.54 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਹੈ। ਸਰਕਾਰ ਦੀ ਮਾਲੀ ਹਾਲਤ ਗੰਭੀਰ ਹੋਣ ਕਾਰਨ ਲੰਘੇ ਵਿੱਤੀ ਸਾਲ ਦੌਰਾਨ ਨਿਰਧਾਰਤ ਸਬਸਿਡੀ ਨਾਲੋਂ 5292.55 ਕਰੋੜ ਰੁਪਏ ਘੱਟ ਅਦਾ ਕੀਤੇ ਗਏ ਸਨ। ਇਸ ਲਈ ਕਮਿਸ਼ਨ ਨੇ ਚਾਲੂ ਮਾਲੀ ਸਾਲ ਦੌਰਾਨ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ 14974.09 ਕਰੋੜ ਰੁਪਏ ਪਾਵਰਕੌਮ ਨੂੰ ਅਦਾ ਕੀਤੇ ਜਾਣ। ਖ਼ਪਤਕਾਰਾਂ ਦੇ ਸਾਰੇ ਵਰਗਾਂ ਲਈ ਬੱਝਵੇਂ ਖਰਚੇ (ਫਿਕਸਡ ਚਾਰਜਿਜ਼) 5 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤੇ ਹਨ। ਚਾਲੂ ਵਿੱਤੀ ਵਰ੍ਹੇ ਦੌਰਾਨ ਸਰਕਾਰ ਵੱਲੋਂ ਖੇਤੀ ਖੇਤਰ ਲਈ 6060.27 ਕਰੋੜ ਰੁਪਏ, ਦਲਿਤਾਂ ਨੂੰ 1416.80 ਕਰੋੜ ਰੁਪਏ, ਗੈਰ ਦਲਿਤ ਪਰ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨੂੰ 88.31 ਕਰੋੜ ਰੁਪਏ, ਪੱਛੜੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਨੂੰ 117.94 ਕਰੋੜ ਰੁਪਏ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ 84 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਣੀ ਹੈ। ਸਰਕਾਰ ਵੱਲੋਂ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਪੁਗਾਉਣ ਲਈ ਛੋਟੇ ਉਦਯੋਗਾਂ ਨੂੰ 176.60 ਕਰੋੜ, ਦਰਮਿਆਨੇ ਉਦਯੋਗਾਂ ਨੂੰ 235.66 ਕਰੋੜ ਰੁਪਏ ਅਤੇ ਵੱਡੇ ਉਦਯੋਗਾਂ ਨੂੰ 1578.12 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਜਾਣੀ ਹੈ। ਸਰਕਾਰ ਸਬਸਿਡੀ ਦਾ ਪੈਸਾ ਪਾਵਰਕੌਮ ਨੂੰ ਅਦਾ ਕਰੇਗੀ। ਮਾਲੀ ਸੰਕਟ ’ਚੋਂ ਲੰਘ ਰਹੀ ਸਰਕਾਰ ਲਈ ਇਹ ਵੱਡੀ ਚੁਣੌਤੀ ਹੈ।
ਬਿਜਲੀ ਦਰਾਂ ਦੇ ਤਾਜ਼ਾ ਵਾਧੇ ਮੁਤਾਬਕ ਘਰੇਲੂ ਖ਼ਪਤਕਾਰਾਂ ਲਈ 100 ਯੂਨਿਟ ਤੱਕ ਦੀ ਖ਼ਪਤ 4 ਰੁਪਏ 91 ਪੈਸੇ ਤੋਂ ਵਧਾ ਕੇ 4 ਰੁਪਏ 99 ਪੈਸੇ ਕਰ ਦਿੱਤੀ ਹੈ। ਇਸੇ ਤਰ੍ਹਾਂ 101 ਤੋਂ 300 ਯੂਨਿਟ ਦੀ ਖਪਤ 6 ਰੁਪਏ 51 ਪੈਸੇ ਤੋਂ ਵਧਾ ਕੇ 6 ਰੁਪਏ 59 ਪੈਸੇ, 301 ਤੋਂ 500 ਤੱਕ ਦੀ ਖ਼ਪਤ 7 ਰੁਪਏ 12 ਪੈਸੇ ਤੋਂ 7 ਰੁਪਏ 20 ਪੈਸੇ ਅਤੇ 500 ਯੁੂਨਿਟ ਤੋਂ ਵਧ ਯੂਨਿਟ ਦੀ ਖ਼ਪਤ 7 ਰੁਪਏ 41 ਪੈਸੇ ਕਰ ਦਿੱਤੀ ਹੈ। ਗੈਰ ਰਿਹਾਇਸ਼ੀ ਵਪਾਰਕ ਕੰਮਾਂ ਖਾਤਰ ਬਿਜਲੀ ਦੀ ਖ਼ਪਤ ’ਤੇ ਦਰਾਂ ’ਚ ਵਾਧਾ 100 ਯੂਨਿਟ ਤੱਕ 6 ਰੁਪਏ 86 ਪੈਸੇ ਤੋਂ ਵਧਾ ਕੇ 6 ਰੁਪਏ 91 ਪੈਸੇ ਕਰ ਦਿੱਤਾ ਹੈ। ਇਸੇ ਤਰ੍ਹਾਂ 101 ਤੋਂ 500 ਤੱਕ ਦੀ ਯੂਨਿਟ ਦਾ ਖਪਤ ’ਤੇ ਵਾਧਾ 7 ਰੁਪਏ 12 ਪੈਸੇ ਤੋਂ 7 ਰੁਪਏ 17 ਪੈਸੇ ਅਤੇ 500 ਤੋਂ ਵਧ ਯੂਨਿਟ ਦੀ ਖ਼ਪਤ ’ਤੇ ਵਾਧਾ 7 ਰੁਪਏ 24 ਪੈਸੇ ਤੋਂ ਵਧਾ ਕੇ 7 ਰੁਪਏ 29 ਪੈਸੇ ਕੀਤਾ ਗਿਆ ਹੈ। ਉਦਯੋਗਾਂ ਨੂੰ ਬਿਜਲੀ ਦੀਆਂ ਦਰਾਂ ਪਹਿਲਾਂ 5 ਰੁਪਏ 29 ਪੈਸੇ ਤੋਂ ਲੈ ਕੇ 6 ਰੁਪਏ 11 ਪੈਸੇ ਪ੍ਰਤੀ ਕਿਲੋਵਾਟ ਐਂਪਾਇਰ ਪ੍ਰਤੀ ਘੰਟਾ ਸੀ ਜੋ ਹੁਣ ਵਧਾ ਕੇ 5 ਰੁਪਏ 37 ਪੈਸੇ ਤੋਂ 6 ਰੁਪਏ 91 ਪੈਸੇ ਤੱਕ ਵੱਖ ਵੱਖ ਵਰਗਾਂ ਲਈ ਕਰ ਦਿੱਤੀ ਹੈ।

Previous articleਕਰਤਾਰਪੁਰ ਲਾਂਘਾ: ਭਾਰਤ-ਪਾਕਿਸਤਾਨ ਦੀ ਮੀਟਿੰਗ ਬੇਸਿੱਟਾ
Next articleਅੰਕ ਗਣਿਤ ’ਤੇ ਭਾਰੂ ਪਈ ਕੈਮਿਸਟਰੀ: ਮੋਦੀ