ਚੰਡੀਗੜ੍ਹ (ਸਮਾਜਵੀਕਲੀ) : ਪੰਜਾਬ ਵਿੱਚ ਅੱਜ ਕਰੋਨਾਵਾਇਰਸ ਨਾਲ ਦੋ ਹੋਰ ਮੌਤਾਂ ਹੋ ਗਈਆਂ ਹਨ। ਬਠਿੰਡਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਇੱਕ-ਇੱਕ ਵਿਅਕਤੀ ਕਰੋਨਾ ਮੂਹਰੇ ਜ਼ਿੰਦਗੀ ਦੀ ਲੜਾਈ ਹਾਰ ਗਿਆ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਮਹਾਮਾਰੀ ਨਾਲ ਪਹਿਲੀਆਂ ਮੌਤਾਂ ਹੋਈਆਂ ਹਨ।
ਸੂਬੇ ਵਿੱਚ ਹੁਣ ਤੱਕ ਮਹਾਮਾਰੀ ਦੀ ਭੇਟ ਚੜ੍ਹਨ ਵਾਲੇ ਵਿਅਕਤੀਆਂ ਦੀ ਗਿਣਤੀ 122 ਤੱਕ ਪਹੁੰਚ ਗਈ ਹੈ। ਲੰਘੇ 24 ਘੰਟਿਆਂ ਦੌਰਾਨ ਇਸ ਖਤਰਨਾਕ ਵਾਇਰਸ ਤੋਂ ਪੀੜਤ 188 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ਵਿੱਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਦਾ ਅੰਕੜਾ 4957 ਤੱਕ ਪਹੁੰਚ ਗਿਆ ਹੈ। ਵਾਇਰਸ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਵਿੱਚੋਂ 6 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ ਜਦੋਂ ਕਿ 24 ਜਣਿਆਂ ਨੂੰ ਆਕਸੀਜਨ ਦੀ ਮਦਦ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਹੁਣ ਤੱਕ 3201 ਵਿਅਕਤੀ ਕਰੋਨਾ ’ਤੇ ਫਤਿਹ ਵੀ ਪਾ ਚੁੱਕੇ ਹਨ ਤੇ 1634 ਵਿਅਕਤੀ ਇਲਾਜ ਅਧੀਨ ਹਨ।