‘ਪੰਜਾਬ ਵਿੱਚ ਇਹੋ ਗੱਲ ਖ਼ਾਸ ਏ’

ਹਰਕਮਲ ਧਾਲੀਵਾਲ
(ਸਮਾਜ ਵੀਕਲੀ)
“ਤੈਨੂੰ ਜਾਪਦੇ ਪਹਾੜਾਂ ਜਹੇ ਸਾਡੇ ਭਾਵੇਂ ਦੁੱਖ ਇਹ,
ਸਾਡੇ ਪੁਰਖਿਆਂ ਦੇ ਹਾਣੀ,ਬੋਹੜਾਂ ਦੇ ਨੇਂ ਰੁੱਖ ਇਹ;
ਸਾਂਝੇ ਸਾਡੇ ਧਰਮ ਤੇ ਸਾਂਝੇ ਸਾਡੇ ਵੀਰ ਨੇਂ,
ਧੀਆਂ ਧਿਆਣੀਆਂ ਦੇ ਇੱਥੇ ਸਾਂਝੇ ਦੁੱਖ-ਸੁੱਖ ਨੇਂ;
ਚੜ੍ਹਦੀਕਲਾ ‘ਚ ਰਹੀਏ, ਹੋਈਏ ਨਾਂ ਉਦਾਸ ਜੀ,
ਇਹੋ ਗੱਲ ਸਾਡੇ ਜੋ ਪੰਜਾਬ ਵਿੱਚ ਖ਼ਾਸ ਜੀ…;
ਬੋਹੜਾਂ ਛਾਵੇਂ ਸੱਥਾਂ, ਜੁੜ ਬੈਠਦੇ ਨੇਂ ਬਾਬੇ ਜਿੱਥੇ,
ਕੁਰਬਾਨੀਆਂ ਦੀ ਗੁੜ੍ਹਤੀ ਲੈ ਜੰਮਦੇ ਸਰਾਭੇ ਜਿੱਥੇ;
ਸਾਂਝੇ ਸਾਡੇ ਪੀਰ ਅਤੇ ਸਾਂਝੇ ਸਾਡੇ ਰੱਬ ਨੇਂ,
ਸਾਂਝੇ ਸਾਡੇ ਪਾਣੀ, ਮਾਝੇ,ਮਾਲਵੇ,ਦੋਆਬੇ ਜਿੱਥੇ;
ਇਹੋ ਗੱਲ ਵੈਰੀਆਂ ਨੂੰ ਆਉਂਦੀ ਕਿੱਥੇ ਰਾਸ ਜੀ,
ਇਹੋ ਗੱਲ ਸਾਡੇ ਜੋ ਪੰਜਾਬ ਵਿੱਚ ਖ਼ਾਸ ਜੀ…;
ਜਿੱਥੇ ਪੰਜਾਂ ਪਾਣੀਆਂ ‘ਚ ਬਾਣੀਆਂ ਦਾ ਰੰਗ ਹੈ,
ਜੰਗ ਦੇ ਮੈਦਾਨ ਜਿੱਥੇ ਗੁਰੂ ਅੰਗ ਸੰਗ ਹੈ;
ਅਣਖਾਂ ਲਈ ਜੀਣਾ, ਧਰਮਾਂ ਲਈ ਮਰਨਾਂ,
ਇਹੋ ਸਾਡੇ ਜੀਣ ਅਤੇ ਮਰਨੇਂ ਦਾ ਢੰਗ ਹੈ;
ਭਲਾ ਸਰਬੱਤ ਦਾ ਮੰਗ ਹੁੰਦੀ ਅਰਦਾਸ ਜੀ,
ਇਹੋ ਗੱਲ ਸਾਡੇ ਜੋ ਪੰਜਾਬ ਵਿੱਚ ਖ਼ਾਸ ਜੀ…;
’84ਆਂ ਦੇ ਲੱਖ ਭਾਵੇਂ ਪਿੰਡੇ ‘ਤੇ ਨਿਸ਼ਾਨ ਨੇਂ,
ਕੇਸਰੀ ਨੇਂ ਬਾਣੇ ਸਾਡੇ,ਕੇਸਰੀ ਨਿਸ਼ਾਨ ਨੇਂ;
ਜਾਬਰਾਂ ਦੀ ਅੱਤ ਜਦੋਂ ਅੰਤ ਤੱਕ ਪਹੁੰਚਜੇ,
ਖ਼ਾਲਸੇ ਦੇ ਖੜਕਦੇ ਫ਼ਿਰ ਖੰਡੇ ਕਿਰਪਾਨ ਨੇਂ;
ਕੌਮ ਲੇਖੇ ਲੱਗਦੇ ਆ ਸਾਡੇ ਇਹ ਸਵਾਸ ਜੀ,
ਇਹੋ ਗੱਲ ਸਾਡੇ ਜੋ ਪੰਜਾਬ ਵਿੱਚ ਖ਼ਾਸ ਜੀ…;
ਗੋਬਿੰਦ ਦੇ ਬੰਦੇ,ਗੁਰੂ ਨਾਨਕ ਦੇ ਸਿੱਖ ਇਹ,
ਸਾਈਂ ਮੀਆਂ ਮੀਰ,ਸ਼ੇਰ ਖਾਂ ਹਾਂ ਦੇ ਨਾਅਰੇ ਲਿਖਦੇ;
ਜਿੰਨ੍ਹਾਂ ਸਿਰ ਚੜ੍ਹਿਆ ਸਿਦਕਾਂ ਦਾ ਰੰਗ ਏ,
ਅਨੰਦਪੁਰ,ਮਾਛੀਵਾੜੇ ਉਨ੍ਹਾਂ ਲਈ ਇੱਕ ਨੇਂ;
ਸਰਬੰਸ ਵਾਰ ਗੁਰੂ ਕਦੇ ਬਣ ਜਾਂਦੇ ਦਾਸ ਜੀ,
ਇਹੋ ਗੱਲ ਸਾਡੇ ਜੋ ਪੰਜਾਬ ਵਿੱਚ ਖਾਸ ਜੀ,
ਭਲਾ ਸਰਬੱਤ ਦਾ ਮੰਗ ਹੁੰਦੀ ਅਰਦਾਸ ਜੀ;
ਇਹੋ ਗੱਲ ਸਾਡੇ ਜੋ ਪੰਜਾਬ ਵਿੱਚ ਖ਼ਾਸ ਜੀ…!!”
ਹਰਕਮਲ ਧਾਲੀਵਾਲ
ਸੰਪਰਕ:- 8437403720
Previous articleFormer United, Scotland manager Docherty, 92, dead
Next articleਇੱਕ ਡੰਗ ਹੋਰ ਸਈ