ਸਮਾਜ ਵੀਕਲੀ
ਅੱਜਕੱਲ ਸਾਡੀਆਂ ਸਰਕਾਰਾਂ ਪ੍ਰਿੰਟ ਮੀਡੀਆ ਬਿਜਲਈ ਮੀਡੀਆ ਤੇ ਸ਼ੋਸ਼ਲ ਮੀਡੀਆ ਤੇ ਪੰਜਾਬ ਦੇ ਵਿੱਚ ਪਾਣੀ ਦੇ ਪੱਧਰ ਦਾ ਨੀਵਾਂ ਹੋਣਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਵਿੱਚ ਕਿਸਾਨੀ ਨੂੰ ਜ਼ਿੰਮੇਵਾਰ ਦੱਸ ਰਹੇ ਹਨ ਕਿ ਝੋਨੇ ਦੀ ਫਸਲ ਬੀਜਣ ਕਰਕੇ ਪਾਣੀ ਦਾ ਪੱਧਰ ਨੀਵਾਂ ਚਲਾ ਗਿਆ ਅਤੇ ਹੋਰ ਨੀਵਾਂ ਜਾ ਰਿਹਾ ਹੈ।ਸੰਨ 1970 ਦਹਾਕੇ ਤੋਂ ਪਹਿਲਾਂ ਖੇਤੀ ਦੀ ਸਿੰਚਾਈ ਖੂਹਾਂ ਅਤੇ ਨਹਿਰੀ ਪਾਣੀ ਦੁਆਰਾ ਕੀਤੀ ਜਾਂਦੀ ਸੀ।
ਬਹੁਤ ਲੋਕ ਜਾਣਦੇ ਹਨ ਕਿ ਮਈ ਜੂਨ ਦੇ ਮਹੀਨਿਆਂ ਵਿੱਚ ਉਦੋਂ ਵੀ ਪਾਣੀ ਦਾ ਪੱਧਰ ਨੀਵਾਂ ਚਲਿਆ ਜਾਂਦਾ ਸੀ।ਕਈ ਵਾਰ ਖੂਹਾਂ ਦੀਆਂ ਟਿੰਡਾਂ ਦੀ ਗਿਣਤੀ ਵਧਾਉਣੀ ਪੈਂਦੀ ਸੀ,ਪੀਣ ਵਾਲੇ ਪਾਣੀ ਲਈ ਖੂਹੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਉਹਨਾਂ ਵਿੱਚ ਵੀ ਲੱਜਾਂ ਲੰਮੀਆਂ ਕਰਨੀਆਂ ਪੈਦੀਆਂ ਸਨ।ਪਰ ਜੁਲਾਈ ਅਗਸਤ ਵਿੱਚ ਬਾਰਿਸ਼ ਹੋਣ ਨਾਲ ਪਾਣੀ ਦਾ ਪੱਧਰ ਉੱਚਾ ਹੋ ਜਾਂਦਾ ਕਈ ਵਾਰ ਤਾਂ ਸੇਮ ਵੀ ਪੈ ਜਾਂਦੀ ਸੀ।ਨੀਵੇਂ ਇਲਾਕਿਆਂ ਵਿੱਚ ਸਾਉਣੀ ਦੀ ਫ਼ਸਲ ਮਰ ਜਾਂਦੀ ਸੀ।
ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਉਣ ਤੋਂ ਬਾਅਦ ਖੇਤੀ ਮਾਹਿਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਲਿਆਉਣ ਲਈ ਕਿਹਾ ਤਾਂ ਜੋ ਭਾਰਤ ਆਨਾਜ ਪ੍ਰਤੀ ਆਤਮ ਨਿਰਭਰ ਹੋ ਸਕੇ।ਹੁਣ ਖੇਤੀ ਟਿਊਬਵੈੱਲਾਂ ਨਾਲ ਹੋਣ ਲਗੀ ਦੇਸ਼ ਦੇ ਅੰਨ ਦਾਤੇ ਦੀ ਕੜੀ ਮਿਹਨਤ ਨੇ ਅਨਾਜ ਭੰਡਾਰ ਭਰ ਦਿੱਤੇ ਸਾਲ 1980 ਤੇ90 ਦਹਾਕੇ ਦੇ ਅੱਧ ਤੱਕ ਧਰਤੀ ਹੇਠਲੇ ਪਾਣੀ ਦਾ ਪੱਧਰ ਲੱਗਭੱਗ ਠੀਕ ਰਿਹਾ ਕਿਉਂਕਿ ਕੁਦਰਤ ਬੜੀ ਮਿਹਰਬਾਨ ਰਹੀ ਹਰ ਸਾਲ ਬਾਰਿਸ਼ ਸਮੇਂ ਨਾਲ ਹੋ ਜਾਂਦੀ ਸੀ।
ਪਰ ਉਸ ਸਮੇਂ ਤੋਂ ਬਾਅਦ ਸਮਤੋਲ ਇਕਦਮ ਵਿਗੜ ਗਿਆ ਜਾਂ ਤਾਂ ਬਾਰਿਸ਼ ਹੁੰਦੀ ਹੀ ਨਹੀਂ ਸੀ ਜਾਂ ਫਿਰ ਬਹੁਤ ਪਛੜ ਕੇ ਹੁੰਦੀ।ਦੂਜੇ ਪਾਸੇ ਹਰੀ ਕ੍ਰਾਂਤੀ ਦੇ ਨਾਲ ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਵੀ ਆ ਚੁੱਕੀ ਸੀ।ਕੱਪੜਾ ਮਿੱਲਾਂ ਤੇ ਹੋਰ ਕਾਰਖਾਨੇ ਲੱਗ ਗਏ,ਧਰਤੀ ਹੇਠਲੇ ਪਾਣੀ ਦੀ ਅੰਧਾਧੁੰਦ ਵਰਤੋਂ ਹੋਣ ਲੱਗੀ ਤੇ ਪਾਣੀ ਦਾ ਪੱਧਰ ਨੀਵਾਂ ਹੋਣ ਲੱਗ ਗਿਆ। ਸਦੀ ਦੇ ਅੰਤ ਤੱਕ ਇਸ ਪਾਸੇ ਵੱਲ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ,ਹੁਣ ਦਰਿਆਵਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ, ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤਕ ਚਲਿਆ ਗਿਆ ਤਾਂ ਕਾਵਾਂ ਰੌਲੀ ਸ਼ੁਰੂ ਹੋ ਗਈ ਦੋਸ਼ੀ ਫਿਰ ਪੰਜਾਬ ਦਾ ਕਿਸਾਨ ?
ਕਦੀ ਕਿਸੇ ਸੋਚਿਆ ਕਿ ਇੱਕ ਕਿਲੋ ਚੌਲ ਪੈਦਾ ਕਰਨ ਲਈ 400 ਲਿਟਰ ਪਾਣੀ ਦੀ ਲੋੜ ਪੈਂਦੀ ਹੈ ਤੇ ਇੱਕ ਮੀਟਰ ਕੱਪੜਾ ਤਿਆਰ ਕਰਨ ਲਈ 4000 ਲਿਟਰ ਪਾਣੀ ਵਰਤਿਆ ਜਾਂਦੈ,ਕਿੰਨੀਆਂ ਕੱਪੜਾ ਮਿੱਲਾਂ ਨੇ ਪੰਜਾਬ ਵਿੱਚ ਕਿੰਨਾ ਪਾਣੀ ਬਰਬਾਦ ਹੁੰਦਾ?ਇੱਕ ਲਿਟਰ ਸ਼ਰਾਬ ਤਿਆਰ ਕਰਨ ਲਈ 20ਲਿਟਰ ਖਰਚ ਹੁੰਦਾ ਹੈ ਕਿੰਨੀਆਂ ਸ਼ਰਾਬ ਮਿੱਲਾਂ ਨੇ ਕਿੰਨਾ ਪਾਣੀ ਬਰਬਾਦ ਹੁੰਦਾ ਹੈ।
ਇਸ ਤੋ ਇਲਾਵਾ ਕੋਲਡ ਡਰਿੰਕਸ ਬਣਾਉਣ ਵਾਲੀਆਂ ਕੰਪਨੀਆਂ ਰੋਜ ਕਿੰਨੇ ਲੱਖ ਲਿਟਰ ਪਾਣੀ ਦੀ ਵਰਤੋਂ ਅਤੇ ਦੁਰਵਰਤੋਂ ਕਰਦੀਆਂ ਨੇ ਕੋਈ ਪੁੱਛਣ ਵਾਲਾ ਨਹੀਂ।ਪੇਪਰ ਮਿੱਲਾਂ, ਬਰਫ ਦੇ ਕਾਰਖਾਨੇ,ਸਰਵਿਸ ਸਟੇਸ਼ਨ,ਕਿੰਨਾ ਪਾਣੀ ਵਰਤਦੇ ਹਨ,ਕਿਸੇ ਨੇ ਹਿਸਾਬ ਲਾਇਆ ਹੋਰ ਤਾਂ ਹੋਰ ਪੰਜਾਬ ਵਿੱਚ 12500 ਦੇ ਕਰੀਬ ਪਿੰਡ ਨੇ ਹਰ ਪਿੰਡ ਵਿੱਚ ਇੱਕ ਵਾਟਰ ਵਰਕਸ ਹੈ ਜਿਨ੍ਹਾਂ ਰਾਹੀ ਰੋਜ਼ ਸਵੇਰੇ ਸ਼ਾਮੀ ਲੱਖਾਂ ਲਿਟਰ ਪਾਣੀ (ਟੁੂਟੀਆਂ ਪਾਈਪਾਂ ਅਤੇ ਖੁੱਲੇ ਨਲਾਂ ਰਾਹੀਂ) ਸਾਂਝੀਆਂ ਲੱਗੀਆਂ ਟੂਟੀਆਂ ਉੱਤੇ ਟੂਟੀਆਂ ਨਹੀਂ ਤੋੜ ਲੈਂਦੇ ਹਨ ਪਾਣੀ ਕਿੱਧਰ ਜਾਂਦਾ ਹੈ,ਕਦੀ ਇਸ ਵੱਲ ਕਿਸੇ ਦਾ ਧਿਆਨ ਗਿਆ ? ਸਮੇਂ ਦੀਆਂ ਸਰਕਾਰਾਂ ਖੇਤੀ ਵਿਗਿਆਨੀ ਇਕੋ ਹੀ ਰਾਗ ਅਲਾਪਦੇ ਹਨ ਜੀਰੀ ਨਾ ਲਗਾਓ,ਦੱਸੋ ਹੋਰ ਕਿਹੜੀ ਫਸਲ ਬੀਜਣ ਕਿਸਾਨ !ਗੰਨਾ, ਮੱਕੀ,ਆਲੂ,ਸੂਰਜਮੁਖੀ ਬੀਜ ਕੇ ਵੇਖ ਲਿਆ ਬੇਰਾਂ ਵੱਟੇ ਨਹੀਂ ਕੋਈ ਪੁੱਛਦਾ।
ਕਿਸਾਨ ਅੱਜ ਜੀਰੀ ਛੱਡਣ ਨੂੰ ਤਿਆਰ ਹਨ,ਹੋਰ ਕੋਈ ਫ਼ਸਲ ਬੀਜੀ ਜਾਣੀ ਹੈ ਉਸਦੀ ਖ਼ਰੀਦ ਦੀ ਜ਼ਿੰਮੇਵਾਰੀ ਸਰਕਾਰ ਲਵੇ,ਜਿਵੇਂ ਜੀਰੀ ਦੀ ਕੀਮਤ ਨਿਸ਼ਚਿਤ ਕੀਤੀ ਜਾਂਦੀ ਹੈ ਸਾਰੀਆਂ ਫ਼ਸਲਾਂ ਦੀ ਕਿਓਂ ਨਹੀਂ।ਤਿੰਨ ਕਾਲੇ ਕਾਨੂੰਨ ਖੇਤੀ ਸਬੰਧੀ ਪਾਸ ਕੀਤੇ ਹਨ ਜਿਸ ਲਈ ਸਾਡੇ ਕਿਸਾਨ ਮੋਰਚਾ ਲਗਾ ਕੇ ਬੈਠੇ ਹਨ।ਛੇ ਮਹੀਨਿਆਂ ਤੋਂ ਤੁਹਾਡੇ ਬੂਹੇ ਅੱਗੇ ਬੈਠੇ ਹਨ ਉਨ੍ਹਾਂ ਨਾਲ ਗੱਲ ਕਰ ਲਓ ਤੁਸੀਂ ਕੀ ਚਾਹੁੰਦੇ ਹੋ ਕੀ ਨਹੀਂ,ਸਾਰੇ ਮਸਲਿਆਂ ਦਾ ਹੱਲ ਮਿੰਟਾਂ ਵਿੱਚ ਹੋ ਜਾਵੇਗਾ।
ਜੀਰੀ ਤੇ ਪਾਣੀ ਸਿਰਫ ਦੋ ਮਹੀਨੇ ਵਰਤਿਆ ਜਾਂਦਾ ਹੈ ਬਾਕੀ ਪਾਣੀ ਖ਼ਰਾਬ ਕਰਨ ਦੇ ਸਾਧਨਾਂ ਬਾਰੇ ਜੋ ਮੈਂ ਲਿਖਿਆ ਹੈ ਉਹ ਪੂਰਾ ਸਾਲ ਚੌਵੀ ਘੰਟੇ ਕੰਮ ਕਰਦੇ ਹਨ।ਉਹ ਸਰਕਾਰਾਂ ਨੂੰ ਕਿਉਂ ਵਿਖਾਈ ਨਹੀਂ ਦਿੰਦੇ ਉਹ ਕਾਰਪੋਰੇਟ ਘਰਾਣਿਆਂ ਦੇ ਹਨ। ਪਾਣੀ ਦੇ ਸੰਕਟ ਲਈ ਇਕੱਲੇ ਕਿਸਾਨਾਂ ਨੂੰ ਦੋਸ਼ੀ ਕਹੀ ਜਾਣਾ ਠੀਕ ਨਹੀਂ।ਪਾਣੀ ਦੀ ਬਰਬਾਦੀ ਲਈ ਸਭ ਬਰਾਬਰ ਜਿੰਮੇਵਾਰ ਹਨ ਇਸ ਤੇ ਵਿਚਾਰ ਕੌਣ ਕਰੇਗਾ ?
ਆਓ ਮੇਰੇ ਪੰਜਾਬੀ ਵੀਰੋ ਭੈਣੋ ਤੇ ਭਰਾਵੋ ਪਾਣੀ ਦੀ ਰਾਖੀ ਆਪਾਂ ਨੇ ਹੀ ਕਰਨੀ ਹੈ ਸਰਕਾਰ ਦੀਆਂ ਤਾਂ ਅੱਖਾਂ ਬੰਦ ਰਹਿੰਦੀਆਂ ਹਨ ਕਿਉਂਕਿ ਉਨ੍ਹਾਂ ਨੇ ਸਿਰਫ ਕੁਰਸੀ ਦਾ ਆਨੰਦ ਲੈਣਾ ਹੈ।ਅੱਜ ਜਾਤੀਆਂ ਧਰਮਾਂ ਊਚ ਨੀਚ ਭੁੱਲ ਕੇ ਥਾਂ ਥਾਂ ਤੇ ਸਾਡੇ ਕਿਸਾਨ ਮਜ਼ਦੂਰ ਵੀਰ ਭੈਣ ਭਰਾ ਅਤੇ ਬੱਚੇ ਬੈਠੇ ਹਨ।ਕਾਲੇ ਕਾਨੂੰਨ ਤਾਂ ਆਪਾਂ ਨੇ ਖਤਮ ਕਰਵਾਉਣੇ ਹੀ ਹਨ ਬਾਕੀ ਹਿਸਾਬ ਕਿਤਾਬ ਵੀ ਹੁਣ ਸਰਕਾਰ ਨਾਲ ਪੂਰਾ ਨਿਬੇੜ ਕੇ ਘਰ ਆ ਕੇ ਬੈਠਿਓ ਇਹ ਪੱਕਾ ਅਹਿਦ ਕਰ ਲਵੋ।ਮੋਰਚਾ ਜਿੱਤ ਦੇ ਨੇੜੇ ਹੈ ਸਾਹਮਣੇ ਕੰਧ ਤੇ ਉੱਕਰਿਆ ਹੋਇਆ ਹੈ ਹੁਣ ਮੋਰਚੇ ਤੋਂ ਪਹਿਲਾਂ ਵਾਲਾ ਜੋ ਪੰਜਾਬ ਸੀ ਓ ਨਹੀਂ ਰਹੇਗਾ ਅਸੀਂ ਕੀ ਸੰਭਾਲਣਾ ਕੀ ਕਰਨਾ ਹੈ ਉਹ ਸਾਨੂੰ ਸਭ ਕੁਝ ਪਤਾ ਲੱਗ ਚੁੱਕਿਆ ਹੈ।ਅਸੀਂ ਜਾਣ ਚੁੱਕੇ ਹਾਂ ਪਾਣੀ ਹਵਾ ਤੇ ਧਰਤੀ ਕੀ ਹੁੰਦੀ ਹੈ ?
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly