ਪਟਿਆਲਾ (ਸਮਾਜ ਵੀਕਲੀ) : ਪੰਜਾਬ ਵਿਚ ਅੱਜ ਕਰੋਨਾਵਾਇਰਸ ਦੇ ਟੀਕੇ ਖ਼ਤਮ ਹੋ ਗਏ। ਸਿਹਤ ਵਿਭਾਗ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਂਜ ਹੁਣ ਤੱਕ ਪੰਜਾਬ ਭਰ ਵਿਚ 25 ਲੱਖ ਵਿਅਕਤੀਆਂ ਦੇ ਇਹ ਟੀਕੇ ਲੱਗ ਚੁੱਕੇ ਹਨ। ਜ਼ਿਕਰਯੋਗ ਹੈ ਕਿ ‘ਕੋਵੀਸ਼ੀਲਡ’ ਤੇ ‘ਕੋਵੈਕਸੀਨ’ ਟੀਕੇ ਲਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਟੀਕਾਕਰਨ ਇਸੇ ਸਾਲ ਮੱਧ ਜਨਵਰੀ ਤੋਂ ਸ਼ੁਰੂ ਹੋਇਆ ਸੀ। ਪਹਿਲੇ ਪੜਾਅ ’ਚ ਫਰੰਟਲਾਈਨ ’ਤੇ ਕੰਮ ਕਰਨ ਵਾਲਿਆਂ ਨੂੰ ਹੀ ਇਹ ਟੀਕੇ ਲਾਏ ਗਏ ਸਨ। ਜਿਨ੍ਹਾਂ ਵਿਚ ਡਾਕਟਰ ਅਤੇ ਸਿਹਤ ਵਿਭਾਗ ਨਾਲ ਸਬੰਧਤ ਸਟਾਫ਼, ਪੁਲੀਸ ਮੁਲਾਜ਼ਮਾਂ ਤੇ ਹੋਰ ਮੋਹਰੀ ਡਿਊਟੀ ਨਿਭਾਉਣ ਵਾਲੇ ਸ਼ਾਮਲ ਸਨ। ਪਿਛਲੇ ਕੁਝ ਦਿਨਾਂ ਤੋਂ 45 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਵੀ ਇਹ ਟੀਕੇ ਲਗਾਏ ਜਾ ਰਹੇ ਹਨ।
ਪਹਿਲੀ ਮਈ ਤੋਂ ਦੇਸ਼ ਭਰ ਵਿਚ 18 ਸਾਲ ਤੋਂ ਉਪਰ ਦੀ ਉਮਰ ਵਾਲਿਆਂ ਦੇ ਵੀ ਇਹ ਟੀਕੇ ਲੱਗਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪਰ ਪੰਜਾਬ ਵਿਚ ਹਾਲੇ ਇਹ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ। ਟੀਕੇ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਂਦੇ ਹਨ। ਨਿਰਧਾਰਤ ਸ਼ਡਿਊਲ ਤਹਿਤ ਇੱਕ ਤੋਂ ਪੰਦਰਾਂ ਮਈ ਤੱਕ ਪੰਜਾਬ ਸਰਕਾਰ ਨੂੰ 6 ਲੱਖ 16 ਹਜ਼ਾਰ ਟੀਕੇ ਆਉਣੇ ਸਨ। ਪਰ ਇਹ ਖੇਪ ਪੰਜਾਬ ਨੂੰ ਪ੍ਰਾਪਤ ਨਹੀਂ ਹੋ ਸਕੀ। ਇਸ ਲਈ ਟੀਕਿਆਂ ਦਾ ਸਟਾਕ ਖਤਮ ਹੋ ਗਿਆ ਹੈ। ਪਟਿਆਲਾ ਵਿਚ ਅੱਜ ਕਈ ਥਾਈਂ ਟੀਕੇ ਲਵਾਉਣ ਆਏ ਵਿਅਕਤੀਆਂ ਨੂੰ ਨਿਰਾਸ਼ ਪਰਤਣਾ ਪਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly