ਚੰਡੀਗੜ੍ਹ (ਸਮਾਜ ਵੀਕਲੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਜਲਾਸ ਮੁਲਤਵੀ ਹੋਣ ਮਗਰੋਂ ਪੰਜਾਬ ਭਵਨ ਦੇ ਬਾਹਰ ਉਸ ਸਮੇਂ ਹੰਗਾਮਾ ਕਰ ਦਿੱਤਾ ਜਦੋਂ ਅਕਾਲੀ ਵਿਧਾਇਕਾਂ ਨੂੰ ਪੁਲੀਸ ਨੇ ਪੰਜਾਬ ਭਵਨ ’ਚ ਦਾਖਲ ਹੋਣ ਤੋਂ ਰੋਕ ਦਿੱਤਾ। ਭਵਨ ਦੇ ਗੇਟ ’ਤੇ ਪੁਲੀਸ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਰਮਿਆਨ ਗਰਮਾ ਗਰਮੀ ਵੀ ਹੋਈ ਅਤੇ ਕਾਫ਼ੀ ਸਮਾਂ ਮਾਹੌਲ ਤਲਖ਼ੀ ਵਾਲਾ ਬਣਿਆ ਰਿਹਾ। ਕੁਝ ਅਕਾਲੀ ਵਿਧਾਇਕ ਕੰਧਾਂ ਟੱਪ ਕੇ ਪੰਜਾਬ ਭਵਨ ਵਿੱਚ ਦਾਖਲ ਹੋਏ। ਇਸ ਮੌਕੇ ਅਕਾਲੀ ਵਿਧਾਇਕ ਧਰਨੇ ’ਤੇ ਬੈਠ ਗਏ। ਕਰੀਬ ਤਿੰਨ ਘੰਟੇ ਮਗਰੋਂ ਪੰਜਾਬ ਭਵਨ ਵਿਚ ਦਾਖ਼ਲੇ ਦੀ ਇਜਾਜ਼ਤ ਮਿਲਣ ਮਗਰੋਂ ਅਕਾਲੀ ਦਲ ਨੇ ਧਰਨਾ ਖਤਮ ਕਰ ਦਿੱਤਾ।
ਸਾਬਕਾ ਮੰਤਰੀ ਮਜੀਠੀਆ ਅਤੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਪੰਜਾਬ ਭਵਨ ਅੰਦਰ ਦਾਖਲ ਹੋ ਕੇ ਮੀਡੀਆ ਨੂੰ ਮਿਲਣਾ ਚਾਹੁੰਦੇ ਸਨ ਕਿਉਂਕਿ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਪੰਜਾਬ ਭਵਨ ਵਿੱਚ ਬਣਾਈ ਹੋਈ ਹੈ। ਅਕਾਲੀ ਵਿਧਾਇਕਾਂ ਨੇ ਜਦੋਂ ਪੰਜਾਬ ਭਵਨ ਦੇ ਬਾਹਰ ਧਰਨਾ ਮਾਰਿਆ ਹੋਇਆ ਸੀ ਤਾਂ ਠੀਕ ਉਦੋਂ ਪੰਜਾਬ ਭਵਨ ਅੰਦਰ ਤਿੰਨ ਕੈਬਨਿਟ ਵਜ਼ੀਰਾਂ ਦੀ ਭਾਰਤੀ ਕਿਸਾਨ ਯੂਨੀਅਨ ਦੇ 11 ਮੈਂਬਰੀ ਵਫ਼ਦ ਨਾਲ ਮੀਟਿੰਗ ਚੱਲ ਰਹੀ ਸੀ। ਪੁਲੀਸ ਇਸ ਗੱਲੋਂ ਵੀ ਡਰ ਰਹੀ ਸੀ ਕਿ ਕਿਤੇ ਅਕਾਲੀ ਵਿਧਾਇਕਾਂ ਅਤੇ ਕਾਂਗਰਸੀ ਵਜ਼ੀਰਾਂ ਦਰਮਿਆਨ ਕੋਈ ਤਣਾਅ ਵਾਲਾ ਮਾਹੌਲ ਨਾ ਬਣ ਜਾਵੇ।
ਧਰਨੇ ਕਾਰਨ ਕਾਂਗਰਸ ਦੇ ਮੰਤਰੀਆਂ ਨੂੰ ਵੀ ਕਾਫ਼ੀ ਸਮਾਂ ਪੰਜਾਬ ਭਵਨ ਦੇ ਅੰਦਰ ਬੈਠਣਾ ਪਿਆ। ਅਖੀਰ ਸਾਰੇ ਮੰਤਰੀ ਭਵਨ ਦੇ ਪਿਛਲੇ ਦਰਵਾਜ਼ਿਓਂ ਚਲੇ ਗਏ। ਸ੍ਰੀ ਮਜੀਠੀਆ ਨੇ ਇਸ ਮੌਕੇ ਕਿਹਾ ਕਿ ਅੱਜ ਪੰਜਾਬ ਸਰਕਾਰ ਨੇ ਲੋਕ ਰਾਜ ਦੇ ਅਸੂਲਾਂ ਨੂੰ ਛਿੱਕੇ ਟੰਗ ਦਿੱਤਾ ਹੈ ਅਤੇ ਪੰਜਾਬ ਭਵਨ ਹੁਣ ਕਾਂਗਰਸ ਭਵਨ ਬਣ ਕੇ ਰਹਿ ਗਿਆ ਹੈ ਜਿਸ ਵਿਚ ਚੁਣੇ ਪ੍ਰਤੀਨਿਧਾਂ ਨੂੰ ਦਾਖਲ ਹੋਣ ਦੀ ਮਨਾਹੀ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਹਾਲੇ ਤੱਕ ਇੱਕ ਮਹੀਨੇ ਤੋਂ ਬਿੱਲ ਦਾ ਖਰੜਾ ਤਿਆਰ ਨਹੀਂ ਕਰ ਸਕੀ ਹੈ ਜਿਸ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਭਲੇ ਵਾਲਾ ਬਿੱਲ ਲੈ ਕੇ ਆਵੇਗੀ ਜਿਸ ਦਾ ਪੰਜਾਬ ਅਤੇ ਇੱਥੋਂ ਦੀ ਕਿਸਾਨੀ ਨਾਲ ਕੋਈ ਸਬੰਧ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਇਸ਼ਾਰਾ ਕਰੇਗੀ, ਉਸੇ ਤਰ੍ਹਾਂ ਪੰਜਾਬ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਿੱਲ ਦਾ ਖਰੜਾ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐੱਮਐੱਸਪੀ ਤੋਂ ਘੱਟ ਭਾਅ ’ਤੇ ਜਿਣਸ ਖਰੀਦਣ ਦੀ ਮਨਾਹੀ ਕਰੇ ਅਤੇ ਪੰਜਾਬ ਨੂੰ ਸਰਕਾਰੀ ਮੰਡੀ ਐਲਾਨ ਦੇਵੇ। ਇਸ ਨਾਲ ਹੀ ਸਾਰਾ ਮਸਲਾ ਹੱਲ ਹੋ ਜਾਣਾ ਹੈ। ਅੱਜ ਅਕਾਲੀ ਵਿਧਾਇਕਾਂ ਨੇ ਧਰਨੇ ਦੌਰਾਨ ਹੀ ਲੰਗਰ ਛਕਿਆ। ਪੰਜਾਬ ਭਵਨ ’ਚੋਂ ਜਦੋਂ ਸਰਕਾਰ ਦੇ ਮੰਤਰੀ ਚਲੇ ਗਏ ਤਾਂ ਅਕਾਲੀ ਵਿਧਾਇਕਾਂ ਨੂੰ ਭਵਨ ਅੰਦਰ ਦਾਖਲ ਹੋਣ ਦੀ ਪ੍ਰਵਾਨਗੀ ਦੇ ਦਿੱਤੀ ਗਈ।