ਪੰਜਾਬ ਵਿੱਚ ਅੱਜ ਵਾਲਮੀਕ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਦੁਆਬੇ ਦੇ ਕਈ ਸ਼ਹਿਰਾਂ ’ਚ ਸਥਿਤੀ ਤਣਾਅ ਪੂਰਨ ਬਣੀ ਰਹੀ। ਮਾਲਵੇ ਅਤੇ ਮਾਝੇ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਬੰਦ ਨੂੰ ਹੁੰਗਾਰਾ ਮਿਲਿਆ ਅਤੇ ਨੌਜਵਾਨਾਂ ਨੇ ਜ਼ਬਰਦਸਤੀ ਬਾਜ਼ਾਰ ਬੰਦ ਕਰਾਏ। ਇਸ ਦੌਰਾਨ ਕਈ ਥਾਈਂ ਟਕਰਾਅ ਦੀ ਸਥਿਤੀ ਵੀ ਪੈਦਾ ਹੋਈ।
ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ ਦਰਮਿਆਨ ਹੋਈਆਂ ਝੜੱਪਾਂ ਦੌਰਾਨ ਨਕੋਦਰ ਵਿੱਚ ਤਾਂ ਇੱਕ ਦੁਕਾਨਦਾਰ ਵੱਲੋਂ ਗੋਲੀ ਚਲਾਏ ਜਾਣ ਕਾਰਨ ਗੁਰਪ੍ਰੀਤ ਸਿੰਘ ਗੋਪੀ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ। ਗੋਪੀ ਦੇ ਢਿੱਡ ਵਿੱਚ ਗੋਲੀ ਲੱਗੀ ਜਦਕਿ ਦੂਜੇ ਵਿਅਕਤੀ ਦੇ ਪੈਰ ’ਚ ਗੋਲੀ ਵੱਜੀ ਹੈ। ਦੋਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲੀਸ ਨੇ ਗੋਲੀ ਚਲਾਉਣ ਵਾਲੇ ਨਿਰਵੈਲ ਸਿੰਘ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਬੰਦ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਅਤੇ ਨਿਰਵੈਲ ਸਿੰਘ ਦਰਮਿਆਨ ਦੁਕਾਨ ਬੰਦ ਕਰਨ ਨੂੰ ਲੈ ਕੇ ਟਕਰਾਅ ਪੈਦਾ ਹੋਇਆ ਜਿਸ ਤੋਂ ਬਾਅਦ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ।
ਜਲੰਧਰ ਦੇ ਪੀਏਪੀ ਚੌਕ ਵਿੱਚ ਸਥਿਤੀ ਉਸ ਸਮੇਂ ਬੇਹੱਦ ਤਣਾਅ ਵਾਲੀ ਬਣ ਗਈ ਜਦੋਂ ਨਿਹੰਗ ਸਿੰਘਾਂ ਨਾਲ ਪ੍ਰਦਰਸ਼ਨਕਾਰੀਆਂ ਦਾ ਟਕਰਾਅ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਜਦੋਂ ਤਲਵਾਰਾਂ ਲਹਿਰਾ ਕੇ ਨਿਹੰਗ ਸਿੰਘਾਂ ਦੀ ਗੱਡੀ ਰੋਕੀ ਤਾਂ ਨਿਹੰਗਾਂ ਨੇ ਵੀ ਤਲਵਾਰਾਂ ਕੱਢ ਲਈਆਂ। ਮੌਕੇ ’ਤੇ ਤਾਇਨਾਤ ਪੁਲੀਸ ਦੇ ਇੱਕ ਏਡੀਸੀਪੀ ਦੀ ਸਮਝਦਾਰੀ ਕਾਰਨ ਦੋਹਾਂ ਧਿਰਾਂ ਦਰਮਿਆਨ ਖੂਨੀ ਝੜੱਪ ਹੋਣ ਤੋਂ ਬਚਾਅ ਹੋ ਗਿਆ। ਜਲੰਧਰ ਦੀ ਸਬਜ਼ੀ ਮੰਡੀ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਭਾਰੀ ਨੁਕਸਾਨ ਕੀਤਾ ਤੇ ਸਬਜ਼ੀਆਂ ਖਿਲਾਰ ਦਿੱਤੀਆਂ। ਸਬਜ਼ੀ ਮੰਡੀ ਦੇ ਪ੍ਰਧਾਨ ਨੇ ਗੱਲੇ ਵਿੱਚੋਂ ਪੈਸੇ ਅਤੇ ਮੋਬਾਈਲ ਫੋਨ ਚੋਰੀ ਕਰਨ ਦੇ ਦੋਸ਼ ਵੀ ਲਾਏ ਹਨ।
ਜ਼ਿਕਰਯੋਗ ਹੈ ਕਿ ਵਾਲਮੀਕ ਭਾਈਚਾਰੇ ਵੱਲੋਂ ਨਿੱਜੀ ਚੈਨਲ ਕਲਰਜ਼ ਵੱਲੋਂ ਭਗਵਾਨ ਵਾਲਮੀਕ ਨਾਲ ਸਬੰਧਤ ਇੱਕ ਟੀਵੀ ਸੀਰੀਅਲ ‘ਰਾਮ ਸੀਆ ਕੇ ਲਵ ਕੁਸ਼’ ਵਿੱਚ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਦੋਸ਼ ਲਾਉਂਦਿਆਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਪੰਜਾਬ ਸਰਕਾਰ ਵੱਲੋਂ ਇਸ ਟੀਵੀ ਲੜੀਵਾਰ ਨੂੰ ਸੂਬੇ ਵਿੱਚ ਦਿਖਾਉਣ ’ਤੇ ਪਾਬੰਦੀ ਲਗਾ ਦਿੱਤੀ ਸੀ ਫਿਰ ਵੀ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਥਾਂ-ਥਾਂ ਪ੍ਰਦਰਸ਼ਨ ਕੀਤੇ ਗਏ।
INDIA ਪੰਜਾਬ ਬੰਦ ਦੌਰਾਨ ਨਕੋਦਰ ’ਚ ਗੋਲੀ ਚੱਲੀ, ਦੋ ਜ਼ਖ਼ਮੀ