ਪੰਜਾਬ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਨੇਹਾ ਵਰਮਾ ਤੇ ਖੇਡ ਕੋਟੇ ’ਚੋਂ ਗੁਰਦਾਸਪੁਰ ਦੀ ਨੰਦਨੀ ਅੱਵਲ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਵੀ ਮੈਰਿਟ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੇ ਮੱਲਾਂ ਮਾਰੀਆਂ ਹਨ। ਅਕਾਦਮਿਕ ਸ਼੍ਰੇਣੀ ਵਿੱਚ 647 ਅੰਕਾਂ ਨਾਲ ਲੁਧਿਆਣਾ ਦੀ ਨੇਹਾ ਵਰਮਾ ਪੰਜਾਬ ਭਰ ’ਚੋਂ ਪਹਿਲੇ ਸਥਾਨ ’ਤੇ ਰਹੀ ਜਦੋਂਕਿ ਖੇਡ ਕੋਟੇ ’ਚੋਂ ਗੁਰਦਾਸਪੁਰ ਦੀ ਨੰਦਨੀ ਮਹਾਜਨ 650 ਅੰਕਾਂ ਨਾਲ ਅੱਵਲ ਨੰਬਰ ਬਣੀ। ਐਤਕੀਂ ਸਰਹੱਦੀ ਪਿੰਡਾਂ ਅਤੇ ਸਰਕਾਰੀ ਸਕੂਲਾਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ। ਸਕੂਲ ਬੋਰਡ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਦਸਵੀਂ ਸ਼੍ਰੇਣੀ ਦਾ ਨਤੀਜਾ ਬਾਰ੍ਹਵੀਂ ਜਮਾਤ ਦੇ ਨਤੀਜੇ ਤੋਂ ਪਹਿਲਾਂ ਐਲਾਨਿਆ ਗਿਆ ਹੈ। ਐਤਕੀਂ 3,17,387 ਰੈਗੂਲਰ ਵਿਦਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ ਸਨ। ਇਨ੍ਹਾਂ ’ਚੋਂ 2,71,554 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਦੀ ਪਾਸ ਫੀਸਦ 85.56 ਬਣਦੀ ਹੈ।
ਸਿੱਖਿਆ ਬੋਰਡ ਵੱਲੋਂ ਜਾਰੀ ਅਕਾਦਮਿਕ ਸ਼੍ਰੇਣੀ ਦੀ ਸੂਚੀ ਮੁਤਾਬਕ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ (ਲੁਧਿਆਣਾ) ਦੀ ਨੇਹਾ ਵਰਮਾ 650 ’ਚੋਂ 647 ਅੰਕ ਹਾਸਲ ਕਰਕੇ ਪਹਿਲੇ ਸਥਾਨ ’ਤੇ ਰਹੀ। ਰੌਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਹਰਲੀਨ ਕੌਰ, ਆਰਐਸ ਮਾਡਲ ਸਕੂਲ ਲੁਧਿਆਣਾ ਦੀ ਅੰਕਿਤਾ ਸਚਦੇਵਾ ਅਤੇ ਬੀਸੀਐੱਮ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਲੋਨੀ (ਲੁਧਿਆਣਾ) ਦੀ ਅੰਜਲੀ ਨੇ 645 ਬਰਾਬਰ ਅੰਕ ਲੈ ਕੇ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਲ ਕੀਤਾ। ਬੀਸੀਐੱਮ ਸਕੂਲ ਲੁਧਿਆਣਾ ਦੇ ਅਭਿਗਿਆਨ ਕੁਮਾਰ, ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸੈਦੋ ਲੇਹਲ (ਅੰਮ੍ਰਿਤਸਰ) ਦੀ ਖੁਸ਼ਪ੍ਰੀਤ ਕੌਰ, ਨਨਕਾਣਾ ਸਾਹਿਬ ਮਾਡਲ ਹਾਈ ਸਕੂਲ ਲੁਧਿਆਣਾ ਦੀ ਅਨੀਸ਼ਾ ਚੋਪੜਾ, ਡਾਕਟਰ ਆਸਾ ਨੰਦ ਆਰੀਆ ਸਕੂਲ ਸ਼ਹੀਦ ਭਗਤ ਸਿੰਘ ਨਗਰ ਦੀ ਜੀਆ ਨੰਦਾ, ਸ਼ਹੀਦ ਬੀਬੀ ਸੁੰਦਰੀ ਪਬਲਿਕ ਕਾਹਨੂੰਵਾਨ (ਗੁਰਦਾਸਪੁਰ) ਦੀ ਦਮਨਪ੍ਰੀਤ ਕੌਰ, ਸਰਕਾਰੀ ਸਕੂਲ ਗੁਲਾਬਗੜ੍ਹ (ਬਠਿੰਡਾ) ਦੀ ਜਸ਼ਨਪ੍ਰੀਤ ਕੌਰ ਅਤੇ ਸਰਕਾਰੀ ਮਾਡਲ ਸਕੂਲ ਮਿਲਰ ਗੰਜ ਢੋਲੇਵਾਲ (ਲੁਧਿਆਣਾ) ਦੀ ਸੋਨੀ ਕੌਰ 644 ਬਰਾਬਰ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀਆਂ। ਖੇਡ ਕੋਟੇ ਵਿੱਚ ਤਿੰਨ ਲੜਕੀਆਂ 100 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀਆਂ ਹਨ, ਜਿਨ੍ਹਾਂ ਵਿੱਚ ਬਾਲ ਵਿਦਿਆ ਮੰਦਰ ਹਾਈ ਸਕੂਲ ਨੰਗਲ ਕੋਟਲੀ ਮੰਡੀ (ਗੁਰਦਾਸਪੁਰ) ਦੀ ਨੰਦਨੀ ਮਹਾਜਨ, ਬੀਸੀਐੱਮ ਸਕੂਲ ਜਮਾਲਪੁਰ ਕਲੋਨੀ (ਲੁਧਿਆਣਾ) ਦੀ ਰੀਤਿਕਾ ਅਤੇ ਤੇਜਾ ਸਿੰਘ ਸੁਤੰਤਰ ਸ਼ਿਮਲਾਪੁਰੀ (ਲੁਧਿਆਣਾ) ਦੇ ਨੀਰਜ ਯਾਦਵ ਸ਼ਾਮਲ ਹਨ। ਖੇਡ ਵਰਗ ’ਚੋਂ ਹੀ ਸਰਕਾਰੀ ਸਕੂਲ ਖਮਾਣੋਂ (ਫਤਹਿਗੜ੍ਹ ਸਾਹਿਬ) ਦੀ ਜਸਲੀਨ ਕੌਰ ਨੇ 646 ਅੰਕ ਲੈ ਕੇ ਦੂਜਾ ਅਤੇ ਤੇਜਾ ਸਿੰਘ ਸੁਤੰਤਰ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਕਮਲਪ੍ਰੀਤ ਕੌਰ ਅਤੇ ਬਾਲ ਵਿਦਿਆ ਮੰਦਰ ਨੰਗਰ ਕੋਟਲੀ ਮੰਡੀ (ਗੁਰਦਾਸਪੁਰ) ਦੀ ਰਾਬੀਆ ਨੇ 645 ਬਰਾਬਰ ਅੰਕ ਲੈ ਕੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਉਂਜ ਬੋਰਡ ਵੱਲੋਂ ਅਕਾਦਮਿਕ ਅਤੇ ਖੇਡ ਕੋਟੇ ਦੇ 336 ਵਿਦਿਆਰਥੀਆਂ ਦੀ ਜਾਰੀ ਸਾਂਝੀ ਮੈਰਿਟ ਸੂਚੀ ਵਿੱਚ ਖੇਡ ਕੋਟੇ ਦੇ ਵਾਧੂ ਅੰਕ ਜੋੜ ਕੇ ਨੰਦਨੀ ਮਹਾਜਨ ਨੂੰ ਪਹਿਲੇ ਨੰਬਰ ’ਤੇ ਦਰਸਾਇਆ ਗਿਆ ਹੈ।
ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਓਪਨ ਸਕੂਲ ਦੇ 25,017 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ’ਚੋਂ 8,187 ਪਾਸ ਹੋਏ। ਸਰਕਾਰੀ ਸਕੂਲਾਂ ਦਾ ਨਤੀਜਾ 88.21 ਫੀਸਦੀ ਰਿਹਾ ਹੈ, ਜਦਕਿ ਐਫੀਲਿਏਟਿਡ ਅਤੇ ਆਦਰਸ਼ ਸਕੂਲਾਂ ਦਾ ਨਤੀਜਾ 86.95 ਫੀਸਦੀ ਹੈ। ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਨਤੀਜਾ 70.43 ਫੀਸਦੀ ਅਤੇ ਐਸੋਸੀਏਟ ਸਕੂਲਾਂ ਦਾ ਨਤੀਜਾ 79.51 ਫੀਸਦੀ ਰਿਹਾ ਹੈ। ਇਸ ਸਾਲ ਸ਼ਹਿਰੀ ਇਲਾਕਿਆਂ ਨਾਲੋਂ ਪੇਂਡੂ ਖੇਤਰ ਦਾ ਨਤੀਜਾ 86.67 ਫੀਸਦੀ ਰਿਹਾ ਹੈ ਜਦੋਂਕਿ ਸ਼ਹਿਰੀ ਨਤੀਜਾ 83.38 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਅੱਧੀ ਰਾਤ 12 ਵਜੇ ਤੋਂ ਬਾਅਦ ਆਪਣਾ ਨਤੀਜਾ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਦੇਖ ਸਕਦੇ ਹਨ। ਸਿੱਖਿਆ ਬੋਰਡ ਦੀ ਕੰਟਰੋਲਰ (ਪ੍ਰੀਖਿਆਵਾਂ) ਸੁਖਵਿੰਦਰ ਕੌਰ ਸਰੋਇਆ ਨੇ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਕੌਮੀ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀ ਖਿਡਾਰੀਆਂ ਨੂੰ 25 ਅਤੇ ਸੂਬਾ ਪੱਧਰੀ ਖੇਡਾਂ ਵਾਲਿਆਂ ਨੂੰ 15 ਅੰਕ ਵਾਧੂ ਤੌਰ ’ਤੇ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਮੈਰਿਟ ਵਿੱਚ 854 ਵਿਦਿਆਰਥੀ ਖੇਡ ਕੋਟੇ ਦੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਨਕਲ ਦੇ ਸਿਰਫ਼ 40 ਕੇਸ ਬਣੇ ਹਨ।

Previous articleAmerican LeT recruiter admits to helping terror group
Next articleMore than 1,000 guns seized from Los Angeles house